Eternal Glory of Guru Har Rai Ji

Guru Har Rai Ji


ਗੁਰੂ ਹਰਿ ਰਾਇ ਸਾਹਿਬ ਤੇ ਭਾਈ ਕੈਂਠਾ ਜੀ

ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਸਾਖੀ ਸੁਣਾਈ ਕਿ ਕਾਬਲ ਦੀ ਸੰਗਤ ਗੁਰੂ ਹਰਿ ਰਾਇ ਸਾਹਿਬ ਪਾਸ ਕੀਰਤਪੁਰ ਸਾਹਿਬ ਪਹੁੰਚਦੀ ਹੈ | ਉਤਸ਼ਾਹ ਹੈ ਕਿ ਗੁਰੂ ਸਾਹਿਬ ਨੂੰ ਨਾਲ ਲੈ ਚੱਲੀਏ ਤਾਂ ਕਿ ਕਾਬਲ ਜਾ ਕੇ ਗੁਰੂ ਸਾਹਿਬ ਸਾਰੀ ਸੰਗਤ ਨੂੰ ਨਿਵਾਜਨ | ਜਾ ਕੇ ਬੇਨਤੀ ਕੀਤੀ, ਸਾਹਿਬ ਨੇ ਬੜੇ ਪਿਆਰ ਨਾਲ ਸੁਣੀ | ਥੋੜ੍ਹੇ ਹੀ ਦਿਨਾਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੀ ਬੇਨਤੀ ਪਰਵਾਨ ਕਰਦੇ ਹੋਏ ਆਪਣੇ ਇੱਕ ਅਤੀ ਪਿਆਰੇ ਸਿੱਖ ਨੂੰ ਨਾਲ ਭੇਜਿਆ ਕਿ ਇਹ ਤੁਹਾਨੂੰ, ਸਾਡੀ ਕਮੀ ਮਹਿਸੂਸ ਨਹੀਂ ਹੋਣ ਦੇਵੇਗਾ, ਇਸ ਦੀ ਸੇਵਾ ਸਾਡੀ ਸੇਵਾ ਹੋਵੇਗੀ, ਇਹ ਕਹਿ ਕੇ ਭਾਈ ਕੈਂਠਾ ਜੀ ਨੂੰ ਭੇਜਿਆ ਹੈ|

ਜਿਸ ਵਕਤ ਕਾਬਲ ਪਹੁੰਚ ਗਏ, ਕੀ ਘਟਨਾ ਘਟਦੀ ਹੈ?

ਕੀਰਤਪੁਰ ਸਾਹਿਬ ਸਵੇਰ ਦਾ ਦੀਵਾਨ ਲੱਗਿਆ ਹੋਇਆ ਹੈ, ਦੀਵਾਨ ਦਾ ਭੋਗ ਪਿਆ ਹੈ, ਸੰਗਤ ਬਾਹਰ ਜਾਕੇ ਪੰਗਤ ਬਣਾ ਕੇ ਸਜ ਗਈ ਹੈ | ਹਰ ਰੋਜ਼ ਗੁਰੂ ਸਾਹਿਬ ਉੱਠਦੇ, ਜਾ ਕੇ ਸੰਗਤ ਵਿੱਚ ਆਪ ਪਰਸ਼ਾਦਾ ਵਰਤਾਂਦੇ ਸਨ ਪਰ ਅੱਜ ਗੁਰੂ ਸਾਹਿਬ ਨਹੀਂ ਉੱਠੇ | ਸੰਗਤ ਨੂੰ ਉੱਥੇ ਪੰਗਤ ਵਿੱਚ ਬੈਠਿਆਂ ਬੜੀ ਦੇਰ ਹੋ ਗਈ, ਪਰਸ਼ਾਦਾ ਵੀ ਠੰਡਾ ਹੋ ਗਿਆ| ਸੇਵਾਦਾਰ ਜਾ ਕੇ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਬਹੁਤ ਦੇਰ ਤੋਂ ਤੁਹਾਡਾ ਇੰਤਜ਼ਾਰ ਹੋ ਰਿਹਾ ਹੈ, ਗਰੀਬ ਨਿਵਾਜ਼ ਨੇਮ ਅਨੁਸਾਰ ਤੁਸੀਂ ਹੀ ਆ ਕੇ ਆਗਿਆ ਬਖਸ਼ਦੇ ਹੋ ਅਤੇ ਵਰਤਾਉਂਦੇ ਹੋ | ਸਾਹਿਬ ਨੇ ਹਜ਼ੂਰੀਏ ਵੱਲ ਵੇਖਿਆ, ਫੁਰਮਾਇਆ,

ਕਾਬਲ ਬੈਠਾ ਭਾਈ ਕੈਂਠਾ ਸਾਡੇ ਚਰਨਾਂ ਨੂੰ ਜਕੜੀਂ ਬੈਠਾ ਹੈ, ਸਾਡੇ ਚਰਨਾਂ ਨੂੰ ਛੱਡੇਗਾ ਤਦ ਹੀ ਅਸੀਂ ਉਠ ਸਕਦੇ ਹਾਂ, ਜਦੋਂ ਹੀ ਛੱਡੇਗਾ ਅਸੀਂ ਬਾਹਰ ਆ ਜਾਵਾਂਗੇ|

ਉਸ ਪਾਸੇ ਕੀ ਹੋ ਰਿਹਾ ਹੈ ਦੀਵਾਨ ਦਾ ਭੋਗ ਪਿਆ ਸਵੇਰੇ ਭਾਈ ਕੈਂਠਾ ਜੀ ਗੁਰੂ ਲਿਵ ਵਿੱਚ ਪੂਰੇ ਲੀਨ ਹਨ, ਗੁਰੂ ਪ੍ਰੇਮ ਦੇ ਵਜਿਦ ਵਿੱਚ ਆਏ ਹੋਏ ਹਨ, ਕਿਹੜੇ ਵਜਿਦ ਵਿੱਚ ਆਏ ਹਨ ਕਿਸ ਸਰੂਰ ਦੇ ਵਜਿਦ ਵਿੱਚ, ਕਿਹੜੇ ਸਰੂਰ, ਕਿਹੜੇ ਨਸ਼ੇ ਵਿੱਚ, ਉਹ ਚਰਨਾਂ ਦੇ ਪ੍ਰੇਮ, ਚਰਨਾਂ ਦੀ ਪ੍ਰੀਤੀ ਵਿੱਚ ਭਾਈ ਕੈਂਠਾ ਜੀ ਮਖਮੂਰ ਹਨ| ਸੰਗਤ ਵੇਖ ਰਹੀ ਹੈ ਕਿ ਗੁਰੂ ਲਿਵ ਦੇ ਵਿੱਚ, ਝੂਮ ਰਹੇ ਹਨ | ਉਸਦੇ ਪਿਆਰ ਵਿੱਚ ਆਪਣੀ ਕੋਈ ਹੋਸ਼ ਨਹੀਂ ਹੈ | ਉਸ ਪਿਆਰ ਦੇ ਵਿੱਚ, ਆਪਣੇ ਹੀ ਚਰਨ ਫੜੇ ਹੋਏ ਹਨ ਤੇ ਜੋਰ-ਜੋਰ ਦੀ ਉਨ੍ਹਾਂ ਨੂੰ ਘੁਟ ਰਹੇ ਹਨ | ਉਸ ਤਰਫ ਗੁਰੂ ਸਾਹਿਬ ਕੀ ਕਹਿ ਰਹੇ ਹਨ ਸਾਡੇ ਚਰਨਾਂ ਨੂੰ ਜਕੜਿਆ ਹੋਇਆ ਹੈ, ਜਕੜਿਆ ਤਾਂ ਗੁਰੂ ਸਾਹਿਬ ਦੇ ਚਰਨਾਂ ਨੂੰ ਸੀ, ਆਪਣੀ ਹੋਸ਼ ਨਹੀਂ, ਸੰਗਤ ਮਸਤੀ ਵਿੱਚ ਦੇਖ ਰਹੀ ਹੈ| ਸਾਧ ਸੰਗਤ ਜੀ ਇੱਕ ਚਰਨ ਕਮਲਾਂ ਦਾ ਆਸ਼ਿਕ, ਗੁਰੂ ਦੇ ਚਰਨਾਂ ਦਾ ਪ੍ਰ੍ਰੇਮੀ, ਕਿਸ ਤਰ੍ਹਾਂ ਗੁਰੂ ਨੂੰ ਆਪਣੇ ਪ੍ਰੇਮ ਵਿੱਚ ਕਈ ਹਜ਼ਾਰ ਮੀਲ ਦੀ ਦੂਰੀ ਤੋਂ ਜਕੜ ਕੇ ਬੈਠਾ ਹੈ| ਬਾਬਾ ਨੰਦ ਸਿੰਘ ਸਾਹਿਬ ਦਾ ਇੱਕ ਬਚਨ ਚੇਤੇ ਆਉਂਦਾ ਹੈ |

ਬਾਬਾ ਨੰਦ ਸਿੰਘ ਸਾਹਿਬ ਸੰਗਤ ਵਿੱਚ ਬੈਠੇ ਬਚਨ ਕੀ ਕਰ ਰਹੇ ਹਨ :

ਇੰਜਣ ਹੈ, ਇੰਜਣ ਦੇ ਵਿੱਚ ਕੋਇਲਾ ਪੈਂਦਾ ਹੈ | ਪਾਣੀ ਪੈਂਦਾ ਹੈ ਤੇ ਭਾਫ ਬਣਦੀ ਹੈ, ਉਹ ਭਾਫ ਸਲਾਖਾਂ ਦੇ ਵਿੱਚ ਦੀ ਨਿਕਲ ਕੇ ਸੂਖਸ਼ਮ ਹੋਈ ਜਾਂਦੀ ਹੈ, ਜਿੰਨੀ ਸੂਖਸ਼ਮ ਹੋਈ ਜਾਂਦੀ ਹੈ ਉਹ ਭਾਫ ਬਲ ਫੜੀ ਜਾਂਦੀ ਹੈ, ਫਿਰ ਕਿੰਨਾਂ ਕੁ ਬਲ ਫੜਦੀ ਹੈ, ਬਾਬਾ ਨੰਦ ਸਿੰਘ ਸਾਹਿਬ ਕਹਿਣ ਲੱਗੇ ਇੰਨਾਂ ਬਲ ਫੜਦੀ ਹੈ ਕਿ ਇੰਜਣ ਨੂੰ ਖਿੱਚਦੀ ਹੈ, ਗੱਡੀ ਨੂੰ ਖਿੱਚਦੀ ਹੈ, ਉਹ ਕੋਇਲੇ ਤੇ ਪਾਣੀ ਦੀ ਬਣੀ ਹੋਈ ਭਾਫ ਇੰਨਾ ਬਲ ਫੜਦੀ ਹੈ | ਫੁਰਮਾਉਣ ਲੱਗੇ ਇਹੀ ਹਾਲ ਇੱਕ ਗੁਰਸਿੱਖ ਇੱਕ ਗੁਰਮੁੱਖ ਦੀ ਬਿਰਤੀ ਦਾ ਹੈ, ਜਿਸ ਵਕਤ ਚਰਨਾਂ ਵਿੱਚ ਖੁਭਦੀ ਹੈ ਤਾਂ ਫਿਰ ਜਿਸ ਤਰ੍ਹਾਂ ਸੂਖਸ਼ਮ ਹੋਈ ਜਾਂਦੀ ਹੈ, ਗੁਰੂ ਪਰਾਇਣ ਰਹਿੰਦੀ ਹੈ, ਚਰਨਾਂ ਦੇ ਵਿੱਚ ਰਹਿੰਦੀ ਹੈ, ਗੁਰੂ ਦੇ ਚਰਨਾਂ ਵਿੱਚ, ਚਰਨ ਕਮਲਾਂ ਵਿੱਚ ਸੂਖਸ਼ਮ ਹੋਈ ਜਾਂਦੀ ਹੈ | ਜਿੱਦਾਂ ਜਿੱਦਾਂ ਸੂਖਸ਼ਮ ਹੋਈ ਜਾਂਦੀ ਹੈ ਬਲ ਫੜੀ ਜਾਂਦੀ ਹੈ | ਜਰਾ ਸੋਚ ਕੇ ਦੇਖੋ ਭਾਈ ਕੈਂਠਾ ਜੀ ਦੀ ਬਿਰਤੀ, ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ, ਸਤਵੇਂ ਗੁਰੂ ਨਾਨਕ ਦੇ ਚਰਨ ਕਮਲਾਂ ਵਿੱਚ ਖੁਭੀ ਹੋਈ ਹੈ ਕਿੰਨਾ ਕੁ ਬਲ ਫੜ ਚੁੱਕੀ ਹੈ | ਉਹ ਨਿਰੰਕਾਰ ਸਰੂਪ, ਗੁਰੂ ਨਾਨਕ ਪਾਤਸ਼ਾਹ ਨੂੰ ਜਕੜ ਕੇ ਬੈਠੀ ਹੈ ਉਸਦੀ ਬਿਰਤੀ ਕਿੰਨਾ ਕੁ ਬਲ ਫੜ ਚੁਕੀ ਹੈ |

ਗੁਰੁ ਕੇ ਚਰਨ ਰਿਦੈ ਲੈ ਧਾਰਉ ||
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ||
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-864)
ਸਾਧ ਸੰਗਤ ਜੀ! ਇਸ ਅਵਸਥਾ ਨੂੰ ਅਨੁਭਵ ਕਰਨਾ ਵੀ ਬੜਾ ਹੀ ਮੁਸ਼ਕਿਲ ਹੈ | ਬਾਬਾ ਨੰਦ ਸਿੰਘ ਸਾਹਿਬ ਚਰਨਾਂ ਦੀ ਪ੍ਰੀਤੀ, ਚਰਨਾਂ ਦੀ ਪ੍ਰਾਪਤੀ ਦੇ ਉੱਤੇ ਬਚਨ ਕਰਦੇ ਹੋਏੇ ਫੁਰਮਾਉਣ ਲੱਗੇ :

“ਚਰਨਾਂ ਦੀ ਪ੍ਰੀਤੀ, ਚਰਨਾਂ ਦੀ ਪ੍ਰਾਪਤੀ ਦੇ ਜਿੰਨੇ ਵੀ ਸਾਧਨ ਕੀਤੇ ਜਾਂਦੇ ਹਨ, ਜੋ ਜਪ ਤਪ ਕੀਤਾ ਜਾਂਦਾ ਹੈ ਇਹ ਆਪਣੇ ਪ੍ਰੀਤਮ ਦੇ ਚਰਨਾਂ ਦੀ ਪ੍ਰਾਪਤੀ ਵਾਸਤੇ ਹੀ ਕੀਤੇ ਜਾਦੇ ਹਨ" |

ਜਿਸ ਵਕਤ ਚਰਨਾਂ ਦੀ ਪ੍ਰਾਪਤੀ ਹੋ ਜਾਏੇ, ਚਰਨ ਮਿਲ ਜਾਣ, ਸਾਰੇ ਜਪਾਂ ਤਪਾਂ ਦਾ ਫਲ ਉਸ ਦੇ ਵਿੱਚ ਆ ਜਾਂਦਾ ਹੈ ਫਿਰ ਅੱਗੇ ਫੁਰਮਾਉਣ ਲੱਗੇ ਜੇ ਚਰਨ ਮਿਲ ਜਾਣ ਤਾਂ ਚਰਨਾਂ ਵਿੱਚੋਂ ਮੰਗਣਾ ਕੀ ਹੈ? ਫਿਰ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ, ਚਰਨਾਂ ਵਿੱਚੋਂ ਚਰਨ ਹੀ ਮੰਗਣੇ ਹਨ, ਚਰਨਾਂ ਦਾ ਪ੍ਰੇਮ, ਚਰਨਾਂ ਦੀ ਪ੍ਰੀਤੀ ਮੰਗਣੀ ਹੈ | ਕਹਿਣ ਲੱਗੇ ਚਰਨਾਂ ਨੇ ਕਰਨਾ ਕੀ ਕੁੱਝ ਹੈ, ਆਪਣੇ ਗੁਰੂ, ਆਪਣੇ ਸਾਹਿਬ, ਸਤਿਗੁਰੂ, ਗੁਰੂ ਨਾਨਕ ਦੇ ਚਰਨਾਂ ਨੇ ਜਨਮਾਂ-ਜਨਮਾਂ ਦੇ, ਜੁਗਾਂ-ਜੁਗਾਂ ਦੇ ਪਾਪ ਚਰ ਜਾਣੇ ਹਨ | ਚਰਨਾਂ ਨੇ ਪਾਪਾਂ ਨੂੰ ਚਰ ਜਾਣਾ ਹੈ |