ਨਿਰੰਕਾਰ ਦਾ ਮਾਤ ਲੋਕ ਵਿੱਚ ਸਰੂਪ ਧਾਰ ਕੇ ਆਉਣ ਦਾ ਕਾਰਨ

ਨਿਰੰਕਾਰ ਦਾ ਮਾਤ ਲੋਕ ਵਿੱਚ ਸਰੂਪ ਧਾਰ ਕੇ ਆਉਣ ਦਾ ਕਾਰਨ

ਬਾਬਾ ਨੰਦ ਸਿੰਘ ਸਾਹਿਬ ਨੇ ਕੀ ਫੁਰਮਾਇਆ-

ਉਸ ਦੇ ਇਸ ਸੰਸਾਰ ਵਿੱਚ ਨਾਮ, ਰੂਪ ਧਾਰ ਕੇ ਆਉਂਣ ਦੇ ਕਈ ਕਾਰਨ ਹਨ। ਇੱਕ ਵੱਡਾ ਕਾਰਨ ਇਹ ਹੈ ਕਿ ਜਿਸ ਵਕਤ ਉਸ ਨੇ ਇਸ ਧਰਤੀ ਦੇ ਪਾਪ, ਆਪਣੇ ਬੱਚਿਆਂ ਦੇ ਦੁੱਖ ਕਸ਼ਟ, ਆਪਣੇ ਉਪਰ ਲੈ ਕੇ ਉਨ੍ਹਾਂ ਦਾ ਭੁਗਤਾਨ ਕਰਨਾ ਹੋਵੇ ਤਾਂ ਉਹ ਆਪ ਹੀ ਆ ਜਾਂਦਾ ਹੈ। ਕੋਈ ਹੋਰ ਜਣਾ ਨਹੀਂ ਕਰ ਸਕਦਾ, ਉਹ ਆਪ ਹੀ ਆਉਂਦਾ ਹੈ।

ਸਾਧ ਸੰਗਤ, ਫਿਰ ਪਿਤਾ ਜੀ ਨੇ ਬਾਬਾ ਨੰਦ ਸਿੰਘ ਸਾਹਿਬ ਦੀ ਇੱਕ ਪਾਵਨ ਸਾਖੀ ਸੁਣਾਈ। ਕਹਿਣ ਲੱਗੇ-

ਬਾਬਾ ਨੰਦ ਸਿੰਘ ਸਾਹਿਬ ਭੁੱਚੌਂ ਦੀ ਜੂਹ ਵਿੱਚ ਬੈਠੇ ਹਨ, ਬਿਰਾਜ਼ਮਾਨ ਹਨ। ਉੱਥੇ ਕੁੱਛ ਫਾਸਲੇ ਤੇ ਇੱਕ ਪਿੰਡ ਵਿੱਚ ਪਲੇਗ ਫੈਲ ਗਈ ਹੈ। ਉੱਥੇ ਦੇ ਲੋਕ ਮਰਨੇ ਸ਼ੁਰੂ ਹੋ ਗਏ। ਜਿਸ ਵਕਤ ਪਲੇਗ ਫੈਲੀ ਹੈ, ਲੋਕ ਪਿੰਡ ਛੱਡਣ ਨੂੰ ਤਿਆਰ ਹੋ ਗਏ। ਕਿਸੇ ਸਿਆਣੇ ਨੇ ਉਨ੍ਹਾਂ ਨੂੰ ਕਿਹਾ ਕਿ ਬਾਬਾ ਨੰਦ ਸਿੰਘ ਸਾਹਿਬ ਆਏ ਹੋਏ ਹਨ, ਉਹ ਭੁੱਚੌਂ ਦੀ ਜੂਹ ਵਿੱਚ ਠਹਿਰੇ ਹਨ, ਚਲੋ ਆਪਾਂ ਉੱਥੇ ਚੱਲੀਏ।

ਪਿੰਡ ਦੇ ਗੁਰੂਦੁਆਰੇ ਵਿੱਚ ਜਾ ਕੇ ਅਰਦਾਸ ਕਰਦੇ ਹਨ। ਕਿਸ ਅੱਗੇ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਰੋ ਕੇ ਅਰਦਾਸ ਕਰਦੇ ਹਨ ਕਿ- ਸੱਚੇ ਪਾਤਸ਼ਾਹ ਬੜੀ ਬਿਪਤਾ ਵਿੱਚ ਪੈ ਗਏ ਹਾਂ, ਮੌਤ ਦੇ ਮੂੰਹ ਵਿੱਚ ਹਾਂ ਇਸ ਵੇਲੇ ਸੱਚੇ ਪਾਤਸ਼ਾਹ, ਸਾਨੂੰ ਬਖਸ਼ੋ, ਸਾਨੂੰ ਬਚਾਓ। ਫਿਰ ਕਿਹਾ- ਗਰੀਬ ਨਿਵਾਜ਼ ਅਸੀਂ ਬਾਬਾ ਨੰਦ ਸਿੰਘ ਸਾਹਿਬ ਪਾਸ ਜਾ ਰਹੇ ਹਾਂ, ਉਹ ਸਾਡੀ ਸਹਾਇਤਾ ਕਰਨਗੇ। ਸਾਡੇ ਬਾਲ-ਬੱਚੇ, ਮਾਈ ਭਾਈ ਸਭ ਬਚ ਜਾਣਗੇ। ਇਹ ਅਰਦਾਸ ਕਰਕੇ ਤੁਰੇ ਹਨ।

ਬਾਬਾ ਨੰਦ ਸਿੰਘ ਸਾਹਿਬ ਬਾਹਰ ਹੀ ਬੈਠੇ ਸੀ, ਜਾ ਕੇ ਦੂਰੋਂ ਹੀ ਮੱਥਾ ਟੇਕ ਕੇ ਨਮਸਕਾਰ ਕੀਤੀ ਹੈ, ਬਾਬਾ ਨੰਦ ਸਿੰਘ ਸਾਹਿਬ ਨੇ ਉਸ ਸਮੇਂ ਫੁਰਮਾਇਆ-

ਭਲੇ ਲੋਕੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੋ ਕੇ ਅਰਦਾਸ ਕਰ ਦਿੱਤੀ ਹੈ ਤੁਹਾਡੀ ਅਰਦਾਸ ਪਰਵਾਨ ਹੋ ਗਈ ਹੈ ਇੱਥੇ ਆਉਣ ਦੀ ਕੀ ਲੋੜ ਸੀ।
ਤੁਸੀਂ ਰੋ ਕੇ ਸਾਹਿਬ ਅੱਗੇ ਅਰਦਾਸ ਕਰ ਦਿੱਤੀ, ਉਹ ਪਰਵਾਨ ਹੋ ਗਈ।

ਫੁਰਮਾਇਆ-

ਜਾਓ ਹੁਣ ਵਾਪਸ ਚਲੇ ਜਾਓ। ਹੁਣ ਕੋਈ ਨਹੀਂ ਮਰੇਗਾ। ਪਿੰਡੋਂ ਬਾਹਰ ਜਾਣ ਦੀ ਲੋੜ ਨਹੀਂ ਹੈ, ਕੋਈ ਭੱਜਣ ਦੀ ਲੋੜ ਨਹੀਂ ਹੈ। ਵਾਪਸ ਚਲੇ ਜਾਓ।

ਇੰਨੀ ਦੇਰ ਨੂੰ ਬਾਬਾ ਨੰਦ ਸਿੰਘ ਸਾਹਿਬ ਨੇ ਕਿਤੇ ਆਪਣਾ ਸੱਜਾ ਚਰਨ ਖੱਬੇ ਚਰਨ ਉੱਤੇ ਰੱਖਿਆ। ਜਦੋਂ ਰੱਖਿਆ ਤੇ ਚੋਲਾ ਇੱਕ ਪਾਸੇ ਹੋਇਆ ਤੇ ਦੇਖਿਆ ਕਿ ਸੱਜੀ ਲੱਤ ਪਲੇਗ ਦੇ ਦਾਗਾਂ ਨਾਲ ਭਰੀ ਹੋਈ ਸੀ। ਹੈਰਾਨ ਰਹਿ ਗਏ ਸਾਰੇ ਦੇਖ ਕੇ ਕਿ ਇਸਦਾ ਮਤਲਬ ਇਹ ਹੋਇਆ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਸਾਰਿਆਂ ਦਾ ਹੀ ਕਸ਼ਟ ਆਪਣੇ ਉੱਤੇ ਲੈ ਲਿਆ ਹੈ। ਜਿਸ ਵਕਤ ਇਹ ਸੋਚ ਰਹੇ ਹਨ, ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਨੇ ਫਿਰ ਕਿਹਾ ਹੈ ਕਿ-

ਜਾਓ ਤੁਹਾਡੀ ਅਰਦਾਸ ਤੇ ਉੱਥੇ ਹੀ ਪਰਵਾਨ ਹੋ ਗਈ ਸੀ।

ਫੁਰਮਾਇਆ ਕਿ-

ਦੇਖੋ ਗੁਰਮੁਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਜ਼ਾਹਰਾ-ਜ਼ਹੂਰ, ਹਾਜ਼ਰਾ-ਹਜ਼ੂਰ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਣ ਵਾਲੇ ਸਭ ਕੁੱਝ ਖਟ ਕੇ ਲੈ ਜਾਂਦੇ ਹਨ, ਸਿਦਕ ਦੇ ਬੇੜੇ ਪਾਰ ਹਨ। ਜਿਹੜੀ ਵੀ ਅਰਦਾਸ ਉਨ੍ਹਾਂ ਦੇ ਅੱਗੇ ਹੋਵੇ ਰੋ ਕੇ ਅਰਦਾਸ ਕਰੋ ਪਰ ਅਰਦਾਸ ਜ਼ਾਹਰਾ-ਜ਼ਹੂਰ ਤੇ ਹਾਜ਼ਰਾ-ਹਜੂਰ ਹੋਣੀ ਚਾਹੀਦੀ ਹੈ।

ਫੁਰਮਾਉਂਣ ਲੱਗੇ-

ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹਾਜ਼ਰ-ਨਾਜ਼ਰ ਸਤਿਗੁਰੂ ਹਨ, ਦੇਖੋ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਤੁਸੀਂ ਅਰਦਾਸ ਕਰਦੇ ਹੋ ਤੇ ਕੀਤੀ ਹੈ, ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਵੀ ਅਰਦਾਸ ਕਰਦੇ ਹਾਂ। ਤੁਸੀਂ ਵੀ ਉਨ੍ਹਾਂ ਦੇ ਚਰਨਾਂ ਵਿੱਚ ਕਰਿਆ ਕਰੋ। ਹਾਂ ਕੋਈ ਦਿਲ ਵਿਚ ਸ਼ੰਕਾ ਆ ਗਿਆ ਹੈ ਤਾਂ...

ਫੁਰਮਾਉਂਣ ਲੱਗੇ-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੇ ਸਾਡੇ ਕੋਲੋਂ ਕੋਈ ਕੰਮ ਲੈਣਾ ਹੋਵੇਗਾ ਤਾਂ ਸਾਨੂੰ ਕੰਨੋ ਫੜ੍ਹ ਕੇ ਉਠਾ ਲੈਣਗੇ, ਖੜ੍ਹੇ ਕਰ ਲੈਣ ਗੇ, ਸਾਡੇ ਕੋਲੋਂ ਕੰਮ ਲੈ ਲੈਣਗੇ। ਗੁਰਮੁਖੋ, ਸਾਡੇ ਕੋਲ ਆਉਣ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੋ ਕੇ ਅਰਦਾਸ ਕਰਿਆ ਕਰੋ।

ਇਹ ਬਾਬਾ ਨੰਦ ਸਿੰਘ ਸਾਹਿਬ ਸੋਝੀ ਪਾ ਰਹੇ ਹਨ। ਸਾਧ ਸੰਗਤ ਜੀ, ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

“ਜਦ ਤਕ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਪ੍ਰਤੀਤ ਨਹੀਂ ਆਉਂਦੀ ਤਦ ਤੱਕ ਸਾਡੇ ਪੱਲੇ ਕੁੱਝ ਨਹੀਂ ਪੈਣਾਂ।”
ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਹਾਜ਼ਰ - ਨਾਜ਼ਰ ਜਾਗਦੀ ਜੋਤ ਹੈ। ਦਸੋਂ ਪਾਤਸ਼ਾਹੀਆਂ ਬਿਰਾਜ਼ਮਾਨ ਕਿੱਥੇ ਹਨ ? ਸੁਸ਼ੋਭਿਤ ਕਿੱਥੇ ਹਨ ? ਮੇਰੇ ਅੱਠਵੇਂ ਪਾਤਸ਼ਾਹ, ਅੱਠਵੇਂ ਗੁਰੂ ਨਾਨਕ, ਗੁਰੂ ਹਰਿਕ੍ਰਿਸਨ ਸਾਹਿਬ ਕਿੱਥੇ ਜਲਵਾ-ਫਰੋਜ਼ ਸਨ?

ਸਾਧ ਸੰਗਤ ਜੀ ਪਿਤਾ ਜੀ ਨਾਲ ਹਰ ਸਾਲ ਜਾਣ ਦਾ ਮੌਕਾ ਮਿਲਿਆ। ਗੁਰੂਦੁਆਰਾ ਬੰਗਲਾ ਸਾਹਿਬ ਦਿੱਲੀ ਜਾਣਾ, ਗੁਰੂ ਹਰਿਕ੍ਰਿਸਨ ਸਾਹਿਬ ਦੇ ਹਰ ਪ੍ਰਕਾਸ਼ ਉਤਸਵ ਤੇ। ਉੱਥੇ ਪਿਤਾ ਜੀ ਨਾਲ ਗੁਰੁਦੁਆਰਾ ਬੰਗਲਾ ਸਾਹਿਬ ਹੀ ਠਹਿਰਣਾ। ਪਿਤਾ ਜੀ ਨੇ ਸ੍ਰੀ ਅਖੰਡ ਪਾਠ ਆਰੰਭ ਕਰਵਾਉਂਣਾ। ਗੁਰੂ ਹਰਿਕ੍ਰਿਸਨ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਯਾਦ ਵਿੱਚ, ਤਿੰਨ ਦਿਨ ਉੱਥੇ ਪੂਰੀ ਸੇਵਾ ਕਰਨੀ। ਸਵੇਰੇ ਅੰਮ੍ਰਿਤ ਵੇਲੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਗੁਰੂਦੁਆਰਾ ਬੰਗਲਾ ਸਾਹਿਬ ਹੁੰਦਾ ਸੀ, ਜਿੰਨੀ ਸੰਗਤ ਉਸ ਪਾਠ ਵਿੱਚ ਹੁੰਦੀ ਸੀ ਉਸ ਸੰਗਤ ਦੀ ਸੇਵਾ ਪਿਤਾ ਜੀ ਪਾਠ ਤੋਂ ਬਾਅਦ ਆਪਣੇ ਉੱਤੇ ਲੈਂਦੇ ਸਨ।

ਸਾਧ ਸੰਗਤ ਜੀ, ਅੱਠਵੇਂ ਪਾਤਸ਼ਾਹ ਦੇ ਬੜੇ ਕੌਤਕ ਹੋਏ ਪਿਤਾ ਜੀ ਨਾਲ। ਬਹੁਤ ਘੱਟ ਦੱਸਦੇ ਸਨ। ਪਰ ਇੱਕ ਚੀਜ਼ ਜਿਹੜੀ ਉਨ੍ਹਾਂ ਨੇ ਦੱਸੀ, ਉਹ ਮੈਂ' ਆਪ ਨਾਲ ਸਾਂਝੀ ਕਰਦਾ ਹਾਂ। ਕਹਿਣ ਲੱਗੇ-

ਦੇਖ ਪੁੱਤ, ਇੱਥੇ ਇਹ ਧੁਨੀਂ... ਸ੍ਰੀ ਹਰਿਕ੍ਰਿਸਨ ਧਿਆਇਐ ਜਿਸ ਡਿੱਠੈ ਸਭ ਦੁਖ ਜਾਇ॥ ਇਹ ਦਰਗ਼ਾਹੀ ਧੁਨੀਂ ਇੱਥੇ ਵੱਜਦੀ ਰਹਿੰਦੀ ਹੈ। ਇਸ ਦੇ ਵਿੱਚ ਕਿੰਨੀ ਮਸਤੀ ਆਉਂਦੀ ਹੈ। ਪਰ ਤੈਨੂੰ ਪਤਾ ਨਹੀਂ ਦੇਵਤੇ, ਦਰਗ਼ਾਹ, ... ਸਭ ਤੋਂ ਇਹ ਧੁਨੀਂ ਆ ਰਹੀ ਹੈ ਅਤੇ ਵੱਜ਼ ਰਹੀ ਹੈ। ਵੱਡੇ ਭਾਗਾਂ ਵਾਲਿਆਂ ਨੂੰ ਸੁਣਦੀ ਹੈ ਪਰ ਜੇ ਕਿਸੇ ਦੇ ਕੰਨਾ ਵਿੱਚ ਪੈ ਜਾਵੇ ਇਹ ਗਗਨਮਈ ਸੰਗੀਤ, ਉਹ ਧੁਨੀਂ, ਇਕ ਵਾਰੀ ਤਾਂ ਸਾਰੇ ਜੀਵਨ ਵਿੱਚ ਮਸਤੀ ਭਰ ਕੇ ਰੱਖ ਦਿੰਦੀ ਹੈ।
ਹਿਰਦੈ ਨਾਮੁ ਵਸਾਇਹੁ॥
ਘਰਿ ਬੈਠੇ ਗੁਰੂ ਧਿਆਇਹੁ॥
ਗੁਰਿ ਪੂਰੈ ਸਚੁ ਕਹਿਆ॥
ਸੋ ਸੁਖੁ ਸਾਚਾ ਲਹਿਆ॥

ਆਗੈ ਸੁਖੁ ਗੁਰਿ ਦੀਆ॥
ਪਾਛੈ ਕੁਸਲ ਖੇਮ ਗੁਰਿ ਕੀਆ॥
ਸਰਬ ਨਿਧਾਨ ਸੁਖ ਪਾਇਆ॥
ਗੁਰੁ ਅਪੁਨਾ ਰਿਦੈ ਧਿਆਇਆ॥
ਪਰਭਾਤੇ ਪ੍ਰਭ ਨਾਮਿ ਜਪਿ ਗੁਰ ਕੇ ਚਰਣ ਧਿਆਇ॥
ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ॥
ਗੁਰ ਕੇ ਚਰਨ ਮਨ ਮਹਿ ਧਿਆਇ॥
ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ॥
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...