ਇੱਕ ਅਨੁਭਵੀ ਦਰਵੇਸ਼ ਨੂੰ ਅੱਲ੍ਹਾ ਦੇ ਨੂਰ ਦਾ ਸੱਭ ਤੋਂ ਪਹਿਲਾ ਪ੍ਰਕਾਸ਼
ਇੱਕ ਅਨੁਭਵੀ ਦਰਵੇਸ਼ ਨੂੰ ਅੱਲ੍ਹਾ ਦੇ ਨੂਰ ਦਾ ਸੱਭ ਤੋਂ ਪਹਿਲਾ ਪ੍ਰਕਾਸ਼
ਜੋ ਹਮ ਕੋ ਪਰਮੇਸੁਰ ਉਚਰਿ ਹੈਂ ॥
ਤੇ ਸਭ ਨਰਕਿ ਕੁੰਡ ਮਹਿ ਪਰਿ ਹੈਂ ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-1395
ਜਿਸ ਵਕਤ ਵੀ ਨਿਰੰਕਾਰ ਆਕਾਰ ਸਰੂਪ ਵਿੱਚ ਜਾਂ ਸਾਕਾਰ ਸਰੂਪ ਵਿੱਚ ਇਸ ਜਗਤ ਵਿੱਚ ਕੋਈ ਖੇਡ ਰਚਦਾ ਹੈ, ਸਾਧ ਸੰਗਤ ਜੀ ਉਸ ਦਾ ਪ੍ਰਕਾਸ਼ ਕੋਈ ਅਨੁਭਵੀ ਮਹਾਂਪੁਰਸ਼ ਹੀ ਪਕੜ ਸਕਦਾ ਹੈ। ਦਸਮੇਸ਼ ਪਿਤਾ ਜਿਸ ਵਕਤ ਇਸ ਮਾਤਲੋਕ ਦੇ ਵਿੱਚ ਤਸ਼ਰੀਫ਼ ਲਿਆਉਂਦੇ ਹਨ। ਪੀਰ ਭੀਖਣ ਸ਼ਾਹ ਉਸੇ ਪਾਸੇ ਸੱਜਦਾ ਕਰਦਾ ਹੈ। ਮੁਰੀਦ ਪੁੱਛਦੇ ਹਨ ਕਿ ਪੀਰ ਸਾਹਿਬ ਅੱਜ ਉਲਟੇ ਪਾਸੇ ਸੱਜਦਾ ਕਰ ਰਹੇ ਹੋ। ਪੀਰ ਸਾਹਿਬ ਫੁਰਮਾਉਂਦੇ ਹਨ ਕਿ ਅੱਲ੍ਹਾ ਦਾ ਨੂਰ ਪ੍ਰਗਟ ਹੋਇਆ ਹੈ। ਜਿਸ ਪਾਸੇ ਉਹ ਪ੍ਰਕਾਸ਼ ਨਜ਼ਰ ਆਇਆ ਸੀ ਉਸ ਪਾਸੇ ਤੁਰ ਪਏ ਹਨ। ਜਾ ਕੇ ਦੋ ਕਟੋਰੇ ਦੁੱਧ ਦੇ ਭਰੇ ਹੋਏ ਰੱਬੀ ਬਾਲ ਦੇ ਅਗੇ ਰੱਖ ਦਿੱਤੇ ਹਨ। ਉਸ ਰੱਬੀ ਬਾਲ ਨੇ ਅਪਣੇ ਦੋਵੇਂ ਮਾਸੂਮ ਨਿਰਮਲ ਤੇ ਪ੍ਰੇਮਮਈ ਪਾਵਨ ਹੱਥ ਦੋਵੇਂ ਕਟੋਰਿਆਂ ਉੱਤੇ ਰੱਖ ਦਿੱਤੇ ਹਨ।
ਸਾਧ ਸੰਗਤ ਜੀ ਅਸ਼-ਅਸ਼ ਕਰ ਉੱਠੇ ਹਨ ਪੀਰ ਭੀਖਣ ਸ਼ਾਹ, ਅੱਲ੍ਹਾ ਦਾ ਨੂਰ ਆਇਆ ਹੈ ਉਹ ਸੱਭ ਦਾ ਸਾਂਝਾ ਹੈ। ਇਸ ਦੀ ਰੋਸ਼ਨੀ ਸੱਭ ਦੀ ਸਾਂਝੀ ਹੈ ਤੇ ਉਹ ਨੂਰ, ਜਿਸ ਨੂਰ ਤੋ ਇੱਕ ਕਤਰਾ ਲੈ ਕੇ ਸੱਭ ਚੀਜ਼ਾਂ ਚਮਕ ਰਹੀਆਂ ਹਨ, ਕਦੇ ਉਹ ਸਾਂਝਾ ਨਹੀਂ ਹੋਵੇਗਾ? ਸਾਧ ਸੰਗਤ ਜੀ ਸਾਰੀ ਮਨੁੱਖਤਾ ਦਾ ਸਾਂਝਾ ਪੀਰ ਉਸ ਦਿਨ ਪ੍ਰਗਟ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਡਿਆਈ ਨੂੰ ਬਿਆਨ ਕਰਨਾ ਅਸੰਭਵ ਹੈ। ਸਾਧ ਸੰਗਤ ਜੀ ਇਹ ਤਿੰਨ ਸੌ ਸਾਲਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ, ਇੱਕ ਮਹਾਨ ਸ਼ਤਾਬਦੀ ਸਾਡੇ ਸਾਹਮਣੇ ਪ੍ਰਕਾਸ਼ਮਈ ਹੈ। ਸਾਹਿਬ ਦੇ ਚਰਨਾਂ ਵਿੱਚ ਇੱਕ ਵਿਨੰਮਰ ਸ਼ਰਧਾਂਜਲੀ ਦਾ ਇੱਕ ਨਿਮਾਣਾ ਜਿਹਾ ਜਤਨ ਹੈ।
ਇਹ ਬਿਧਿ ਕਰਤ ਤਪੱਸਿਆ ਭਯੋ ॥
ਦ੍ਵੈੈ ਤੇ ਏਕ ਰੂਪ ਹ੍ਵੈ ਗਯੋ ॥
ਦਸਮੇਸ਼ ਪਿਤਾ ਆਪਣੀ ਜਨਮ ਕਥਾ ਵਿੱਚ ਫ਼ੁਰਮਾਉਂਦੇ ਹਨ। “ਦ੍ਵੈੈ ਤੇ ਏਕ ਰੂਪ ਹ੍ਵੈ ਗਯੋ”:
ਨਿਰੰਕਾਰ ਨਾਲ ਇੱਕ ਹੋ ਗਏ ਹਨ। ਸੱਚੇ ਪਾਤਸ਼ਾਹ ਉਸ ਜਗ੍ਹਾ ਦੇ ਬਾਰੇ ਦੱਸਦੇ ਹਨ। “ਹੇਮਕੁੰਟ ਪਰਬਤ ਹੈ ਜਹਾਂ”। ਜਿੱਥੇ ਘਟਨਾਂ ਵਰਤਦੀ ਹੈ। ਜਿਸ ਜੁਗ ਦੇ ਵਿੱਚ ਵੀ ਵਰਤਦੀ ਹੈ। ਜਦੋਂ ਨਿਰੰਕਾਰ ਦੇ ਨਾਲ ਉਸ ਮਹਾਨ ਪ੍ਰੇਮ ਤਪੱਸਵੀ ਦਾ ਪ੍ਰੇਮ ਇੱਕ ਹੋ ਜਾਂਦਾ ਹੈ, ਉਦੋਂ ਉਹ ਅਸਥਾਨ ਸੰਸਾਰ ਦਾ ਇੱਕ ਮਹਾਨ ਤੀਰਥ ਅਤੇ ਇੱਕ ਪੂਜਾ ਸਥੱਲ ਬਣ ਜਾਂਦਾ ਹੈ। ਉਸ ਅਸਥਾਨ ਦੀ ਧਰਤੀ ਦੀ ਧੂੜ ਨੂੰ ਲੈਣ ਵਾਸਤੇ, ਮਸਤਕ ਤੇ ਲਾਉਣ ਵਾਸਤੇ ਸੰਸਾਰ ਤਰਸਦਾ ਹੈ। ਇੱਕ ਮਹਾਨ ਅਸਚਰਜ ਲੀਲ੍ਹਾ ਹੈ, ਜਿਹੜੀ ਉਸ ਸਮੇਂ ਵਰਤਦੀ ਹੈ।
ਪਰ ਸਾਧ ਸੰਗਤ ਜੀ ਇਹ ਤਾਂ ਉਸ ਵੇਲੇ ਵਰਤਦੀ ਹੈ ਜਦੋਂ ਦੋ ਤੋਂ ਇੱਕ ਹੁੰਦੇ ਹਨ ਪਰ ਜਿਸ ਵਕਤ ਇੱਕ ਤੋਂ ਦੋ ਹੁੰਦੇ ਹਨ।
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥
ਇਮ ਕਹਿ ਕੇ ਇਹ ਲੋਕਿ ਪਠਾਯੋ ॥
ਮੈ ਅਪਨਾ ਸੁਤ ਤੋਹਿ ਨਿਵਾਜਾ ॥
ਪੰਥੁ ਪ੍ਰਚੁਰ ਕਰਬੇ ਕਹੁ ਸਾਜਾ ॥
ਜਾਹਿ ਤਹਾ ਤੇ ਧਰਮੁ ਚਲਾਇ ॥
ਕਬੁਧਿ ਕਰਨ ਤੇ ਲੋਕ ਹਟਾਇ ॥
ਹੁਣ ਸੱਚੇ ਪਾਤਸ਼ਾਹ ਇੱਕ ਤੋਂ ਦੋ ਹੋ ਰਹੇ ਹਨ।
ਚਿਤ ਨ ਭਯੋ ਹਮਰੋ ਆਵਨ ਕਹਿ ॥
ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹਿ ॥
ਨਿਰੰਕਾਰ ਵਿੱਚੋਂ ਨਿਕਲ ਕੇ ਬਾਹਰ ਮਾਤ ਲੋਕ, ਕਲਿਜੁਗ ਵਿੱਚ ਅਵਤਾਰ ਧਾਰਨ ਤੇ ਚਿੱਤ ਨਹੀਂ ਕਰਦਾ। ਜਦੋਂ ਇੱਕ ਤੋਂ ਦੋ ਹੁੰਦੇ ਹਨ ਤੇ ਉਸ ਵੇਲੇ ਕੀ ਹੁੰਦਾ ਹੈ? ਜਿਸ ਜੁਗ ਦੇ ਵਿੱਚ ਵੀ ਨਿਰੰਕਾਰ ਇੱਕ ਤੋਂ ਦੋ ਹੋ ਕੇ ਵਰਤਦਾ ਹੈ। ਜਦੋਂ ਨਿਰੰਕਾਰ ਤੋਂ ਨਿਰੰਕਾਰ ਨਿਕਲ ਕੇ ਦੁਨੀਆਂ ਵਿੱਚ, ਇਸ ਜੁਗ ਵਿੱਚ ਆਉਂਦਾ ਹੈ ਉਸ ਵੇਲੇ ਇੱਕ ਜਵਾਰ ਭਾਟਾ ਭੜਕਦੀ ਹੈ ਜਿਹੜੀ ਸੱਤੇ ਸਮੁੰਦਰਾਂ ਨੂੰ ਹੀ ਨਹੀਂ, ਇਸ ਸਾਰੇ ਸੰਸਾਰ ਨੂੰ ਹੀ ਨਹੀਂ ਬਲਕਿ ਸਾਰੇ ਜੁਗ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਅਜਿਹੀ ਘਟਨਾ ਵਰਤਦੀ ਹੈ। ਸਾਧ ਸੰਗਤ ਜੀ ਇੱਕ ਅਜਿਹਾ ਜ਼ਲਜ਼ਲਾ ਅਤੇ ਤੂਫ਼ਾਨ ਆਉਂਦਾ ਹੈ ਜਿਸ ਵਕਤ ਇੱਕ ਤੋਂ ਦੋ ਹੋ ਕੇ ਵਰਤਦਾ ਹੈ।
ਅਬ ਮੈਂ ਅਪਨੀ ਕਥਾ ਬਖਾਨੋ ॥
ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
ਹੇਮ ਕੁੰਟ ਪਰਬਤ ਹੈ ਜਹਾਂ ॥
ਸਪਤਸ੍ਰਿੰਗ ਸੋਭਿਤ ਹੈ ਤਹਾਂ ॥
ਸਪਤ ਸ੍ਰਿੰਗ ਤਿਹ ਨਾਮੁ ਕਹਾਵਾ ॥
ਪੰਡੁ ਰਾਜ ਜਹ ਜੋਗੁ ਕਮਾਵਾ ॥
ਤਹ ਹਮ ਅਧਿਕ ਤਪੱਸਿਆ ਸਾਧੀ ॥
ਮਹਾਕਾਲ ਕਾਲਕਾ ਅਰਾਧੀ ॥
ਇਹ ਬਿਧਿ ਕਰਤ ਤਪੱਸਿਆ ਭਯੋ ॥
ਦ੍ਵੈੈ ਤੇ ਏਕ ਰੂਪ ਹ੍ਵੈ ਗਯੋ ॥
ਤਾਤ ਮਾਤ ਮੁਰ ਅਲਖ ਅਰਾਧਾ ॥
ਬਹੁ ਬਿਧਿ ਜੋਗ ਸਾਧਨਾ ਸਾਧਾ ॥
ਤਿਨ ਜੋ ਕਰੀ ਅਲਖ ਕੀ ਸੇਵਾ ॥
ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥
ਤਿਨ ਪ੍ਰਭ ਜਬ ਆਇਸੁ ਮੁਹਿ ਦੀਆ ॥
ਤਬ ਹਮ ਜਨਮ ਕਲੂ ਮਹਿ ਲੀਆ ॥
ਚਿਤ ਨ ਭਯੋ ਹਮਰੋ ਆਵਨ ਕਹਿ ॥
ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹਿ ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥
ਇਮ ਕਹਿ ਕੇ ਇਹ ਲੋਕ ਪਠਾਯੋ ॥
ਮੈਂ ਅਪਨਾ ਸੁਤ ਤੋਹਿ ਨਿਵਾਜਾ ॥
ਪੰਥੁ ਪ੍ਰਚੁਰ ਕਰਬੇ ਕਹੁ ਸਾਜਾ ॥
ਜਾਹਿ ਤਹਾ ਤੈ ਧਰਮੁ ਚਲਾਇ ॥
ਕਬੁਧਿ ਕਰਨ ਤੇ ਲੋਕ ਹਟਾਇ ॥
ਠਾਢ ਭਯੋ ਮੈਂ ਜੋਰਿ ਕਰ ਬਚਨ ਕਹਾ ਸਿਰ ਨਯਾਇ ॥
ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ॥
ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥
ਤਬ ਮੈ ਜਗਤਿ ਜਨਮ ਧਰਿ ਆਯੋ ॥
ਜਿਮ ਤਿਨ ਕਹੀ ਤਿਨੈ ਤਿਮ ਕਹਿ ਹੋਂ ॥
ਅਉਰ ਕਿਸੂ ਤੇ ਬੈਰ ਨ ਗਹਿ ਹੋਂ ॥
ਜੋ ਹਮ ਕੋ ਪਰਮੇਸਰ ਉਚਰਿ ਹੈਂ ॥
ਤੇ ਸਭ ਨਰਕਿ ਕੁੰਡ ਮਹਿ ਪਰਿ ਹੈਂ ॥
ਮੋ ਕੋ ਦਾਸੁ ਤਵਨ ਕਾ ਜਾਨੋ ॥
ਯਾ ਮੈਂ ਭੇਦੁ ਨ ਰੰਚ ਪਛਾਨੋ ॥
ਮੈਂ ਹੋ ਪਰਮ ਪੁਰਖ ਕੋ ਦਾਸਾ ॥
ਦੇਖਨਿ ਆਯੋ ਜਗਤ ਤਮਾਸਾ ॥
ਜੋ ਪ੍ਰਭ ਜਗਤਿ ਕਹਾ ਸੋ ਕਹਿ ਹੌ ॥
ਮ੍ਰਿਤ ਲੋਕ ਤੇ ਮੋਨਿ ਨ ਰਹਿ ਹੌ ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
