ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਮਹਾਰਾਜਾ ਰਣਜੀਤ ਸਿੰਘ ਜੀ ਦਾ ਗੋਬਿੰਦ ਪ੍ਰੇਮ
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਮਹਾਰਾਜਾ ਰਣਜੀਤ ਸਿੰਘ ਜੀ ਦਾ ਗੋਬਿੰਦ ਪ੍ਰੇਮ
ਇੱਕ ਦਫ਼ਾ ਪਿਤਾ ਜੀ ਨੇ ਇੱਕ ਪਾਵਨ ਸਾਖੀ ਸੁਣਾਈ।
ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਕੇ ਦਸਮੇਸ਼ ਪਿਤਾ ਦੀ ਕਲਗੀ ਨੂੰ ਚੁੰਮਿਆ ਹੈ, ਮਸਤਕ ਤੇ ਲਗਾਇਆ ਹੈ ਤੇ ਮੱਥਾ ਟੇਕਿਆ ਹੈ। ਦਰਬਾਰ ਵਿੱਚ ਆ ਕੇ ਬੈਠੇ ਹਨ ਤੇ ਇੱਕ ਸਵਾਲ ਕੀਤਾ-
ਇਸ ਵੇਲੇ ਇਸ ਧਰਤੀ ਤੇ ਕੋਈ ਐਸਾ ਭਾਗਸ਼ਾਲੀ ਸਿੱਖ ਹੋਵੇਗਾ ਜਿਸ ਨੇ ਆਪਣੇ ਇਨ੍ਹਾਂ ਨੇਤਰਾਂ ਨਾਲ ਮੇਰੇ ਸਾਹਿਬ ਸਤਿਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹੋਣ?
ਸਾਧ ਸੰਗਤ ਜੀ ਭਾਲ ਸ਼ੁਰੂ ਹੋ ਗਈ ਹੈ। ਪਹਾੜ ਦੀਆਂ ਖੁੰਦਕਾਂ ਵਿੱਚੋਂ ਇੱਕ ਨਿਹੰਗ ਸਿੰਘ ਜਾ ਲੱਭਿਆ ਹੈ। ਨਿਹੰਗ ਸਿੰਘ ਨੇ ਪੁੱਛਿਆ ਹੈ ਕਿ ਤੁਹਾਡਾ ਕਿਸ ਤਰ੍ਹਾਂ ਆਉਣਾ ਹੋਇਆ? ਸੈਨਿਕ ਅੱਗੋਂ ਜਵਾਬ ਦਿੰਦੇ ਹਨ ਕਿ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਵਾਲ ਕੀਤਾ ਹੈ, ਉਨ੍ਹਾਂ ਦੇ ਹਿਰਦੇ ਵਿੱਚੋਂ ਇਹ ਪਿਆਸ ਉੱਠੀ ਹੈ ਕਿ ਇਸ ਵੇਲੇ ਕੋਈ ਐਸਾ ਗੁਰਸਿੱਖ ਵੀ ਹੈ ਜਿਸਨੇ ਦਸਮੇਸ਼ ਪਿਤਾ ਦੇ ਦਰਸ਼ਨ ਕੀਤੇ ਹੋਣ। ਅੱਗੋਂ ਨਿਹੰਗ ਸਿੰਘ ਜਵਾਬ ਦਿੰਦਾ ਹੈ ਕਿ ਅਸੀਂ ਆਪਣੇ ਨੇਤਰਾਂ ਨਾਲ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹਨ।
ਸੈਨਿਕ ਬੜੇ ਖੁਸ਼ ਹੋਏ ਕਹਿਣ ਲੱਗੇ ਜੀ ਅਸੀਂ ਹੁਣ ਜਾ ਕੇ ਉਨ੍ਹਾਂ ਨੂੰ ਤੁਹਾਡਾ ਪਤਾ ਦਿਆਂਗੇ ਅਤੇ ਉਹ ਤੁਹਾਡੇ ਦਰਸ਼ਨਾਂ ਵਾਸਤੇ ਆਉਣਗੇ। ਅੱਗੋਂ ਨਿਹੰਗ ਸਿੰਘ ਕਹਿਣ ਲਗਾ ਨਹੀਂ, ਅਸੀਂ ਹੀ ਚਲਦੇ ਹਾਂ ਤੇ ਨਾਲ ਹੀ ਆਏ ਹਨ। ਉਸ ਵੇਲੇ ਵੀ ਦਰਬਾਰ ਲੱਗਿਆ ਹੋਇਆ ਹੈ, ਜਿਸ ਵੇਲੇ ਉਹ ਤਸ਼ਰੀਫ਼ ਲਿਆਏ ਹਨ। ਮਹਾਰਾਜਾ ਰਣਜੀਤ ਸਿੰਘ ਉੱਠੇ ਹਨ ਅਤੇ ਜਾ ਕੇ ਉਨ੍ਹਾਂ ਦੇ ਚਰਨਾਂ ਤੇ ਮਸਤਕ ਰੱਖਿਆ ਹੈ ਉਸਦੇ ਚਰਨਾਂ ਨੂੰ ਚੁੰਮਿਆਂ ਹੈ। ਆਪਣੇ ਦਾੜ੍ਹੇ ਨਾਲ ਚਰਨਾਂ ਨੂੰ ਸਪਰਸ਼ ਕੀਤਾ, ਝਾੜਿਆ ਹੈ ਤੇ ਫਿਰ ਹੱਥ ਜੋੜ ਕੇ ਪੁੱਛਿਆ ਹੈ ਤੁਸੀਂ ਮੇਰੇ ਸਾਹਿਬ, ਮੇਰੇ ਸਤਿਗੁਰੂ, ਮੇਰੇ ਪ੍ਰੀਤਮ, ਮੇਰੇ ਬਾਬਲ ਦੇ ਦਰਸ਼ਨ ਇਨ੍ਹਾਂ ਨੇਤਰਾਂ ਨਾਲ ਕੀਤੇ ਹਨ? ਤਾਂ ਉਸ ਵੇਲੇ ਉਹ ਨਿਹੰਗ ਸਿੰਘ ਫ਼ੁਰਮਾਉਣ ਲੱਗੇ- ਰਣਜੀਤ ਸਿੰਘ ਅਸੀਂ ਸਾਹਿਬ ਦੇ ਹੁਕਮ ਅਤੇ ਰਜ਼ਾ ਦੇ ਵਿੱਚ ਉਨ੍ਹਾਂ ਦੀ ਛੱਤਰ ਛਾਇਆ ਹੇਠ ਤਿੰਨ ਯੁੱਧ ਲੜੇ ਹਨ। ਮਹਾਰਾਜਾ ਰਣਜੀਤ ਸਿੰਘ ਇੱਕ ਮਨ ਇੱਕ ਚਿੱਤ ਹੋ ਕੇ ਸੁਣ ਰਹੇ ਹਨ।
ਫ਼ੁਰਮਾਇਆ ਕਿ- ਜਿਸ ਵਕਤ ਵੀ ਅਸੀਂ ਯੁੱਧ ਦੇ ਵਿੱਚ ਜਾਂਦੇ ਸੀ ਉਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਇੱਕ ਚੌਂਕੀ ਦੇ ਉੱਤੇ ਨੰਗੇ ਚਰਨਾਂ ਨਾਲ ਖੜ੍ਹੇ ਹੋ ਜਾਂਦੇ ਸਨ। ਅਸੀਂ ਸਾਰੇ ਇੱਕ ਲਾਈਨ ਬਣਾ ਕੇ ਉਨ੍ਹਾਂ ਦੇ ਚਰਨਾਂ ਤੇ ਜਾ ਕੇ ਮਸਤਕ ਰੱਖਦੇ ਸੀ। ਮਸਤਕ ਰੱਖ ਕੇ ਗਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ-ਕਮਲਾਂ ਨੂੰ ਚੁੰਮਦੇ ਸੀ। ਜਿਸ ਵਕਤ ਸੀਸ ਉੱਤੇ ਕਰਕੇ ਉਨ੍ਹਾਂ ਦੇ ਦਰਸ਼ਨ ਕਰਨੇ, ਉਸ ਵੇਲੇ ਸਾਹਿਬ ਆਪਣੇ ਪਾਵਨ ਮੁੱਖ ਤੋਂ ਤਿੰਨ ਵਾਰੀ ਨਿਹਾਲ, ਨਿਹਾਲ, ਨਿਹਾਲ ਬੋਲਕੇ ਸਾਨੂੰ ਨਿਵਾਜ਼ਦੇ ਸਨ।
ਰਣਜੀਤ ਸਿੰਘ ਜੋ ਉਸ ਵੇਲੇ ਸਾਡੀ ਅਵੱਸਥਾ ਸੀ ਉਹ ਇਹ ਗਰੀਬ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਦੀ ਨਦਰ ਤੋਂ ਜੋ ਬਖਸ਼ਿਸ਼, ਅੰਮ੍ਰਿਤ ਵਰਸਦਾ ਸੀ ਉਹ ਉਹੀ ਦੱਸ ਸਕਦਾ ਹੈ, ਜਿਸ ਨੇ ਉਸ ਅੰਮ੍ਰਿਤ ਵਿੱਚ ਇਸ਼ਨਾਨ ਕੀਤਾ ਹੋਵੇ। ਉਸ ਵੇਲੇ ਇਸ ਤਰ੍ਹਾਂ ਦਾ ਬੀਰ ਰਸ, ਸੱਭ ਤੋਂ ਵੱਡੀ ਚੀਜ਼ ਜੋ ਤੁਰਦੇ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾਂ ਸੀ, ਉਸ ਮੌਤ ਨੂੰ ਜਾ ਕੇ ਇਸ ਤਰ੍ਹਾ ਜੂਝੀਏੇ, ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਉਸ ਅੰਮ੍ਰਿਤ ਨੇ ਅਮਰ ਬਣਾ ਦਿੱਤਾ ਹੈ ਅਤੇ ਉਸ ਮੌਤ ਨੂੰ ਅਸੀਂ ਫ਼ਤਹਿ ਕਰ ਚੁੱਕੇ ਹਾਂ। ਦਸਮੇਸ਼ ਪਿਤਾ ਦੀ ਨਦਰ ਨਾਲ ਜੋ ਜਾ ਕੇ ਫਿਰ ਉੱਥੇ ਯੁੱਧ ਲੜਨਾ, ਫਿਰ ਜਾਂ ਤੇ ਜਿੱਤ ਕੇ ਆਉਣਾ ਜਾਂ ਉੱਥੇ ਸ਼ਹੀਦ ਹੋ ਜਾਣਾ ਕੀ ਮਜਾਲ ਹੈ ਕਿਸੇ ਸਿੱਖ ਨੇ ਦੁਸ਼ਮਣ ਨੂੰ ਪਿੱਠ ਦਿਖਾਈ ਹੋਵੇ। ਫਿਰ ਕਹਿਣ ਲਗਾ, ਰਣਜੀਤ ਸਿੰਘ, ਉਸ ਮਸਤੀ ਔਰ ਸਰੂਰ ਦੇ ਵਿੱਚ ਬੈਠੇ ਹਾਂ। ਹੁਣ ਤਕ ਆਪਣੇ ਸਾਹਿਬ ਨੂੰ ਯਾਦ ਕਰ ਰਹੇ ਹਾਂ, ਉਸ ਪਿਆਰ ਦੇ ਵਿੱਚ, ਉਸ ਵੈਰਾਗ ਦੇ ਵਿੱਚ ਇੱਕ-ਇੱਕ ਸੁਆਸ ਕੱਟ ਰਹੇ ਹਾਂ।
ਪਿਤਾ ਜੀ ਨੇ ਫ਼ੁਰਮਾਇਆ-
ਜੋ ਸਤਿਗੁਰੂ ਨੂੰ ਉਸ ਦੇ ਪਿਆਰ ਵਿੱਚ ਨਿਰੰਕਾਰ ਭਾਵਨਾ, ਨਿਰੰਕਾਰ ਦ੍ਰਿਸ਼ਟੀ ਨਾਲ ਸਤਿਕਾਰਦਾ ਹੈ, ਜੇ ਸਤਿਗੁਰੂ ਨੂੰ ਜ਼ਾਹਰਾ- ਜ਼ਹੂਰ ਪਿਆਰਦਾ ਹੈ, ਹਾਜ਼ਰਾ- ਹਜ਼ੂਰ ਨਿਹਾਰਦਾ ਹੈ ਤਾਂ
ਲਖ ਖੁਸੀਆ ਪਾਤਿਸਾਹੀਆ
ਜੇ ਸਤਿਗੁਰੁ ਨਦਰਿ ਕਰੇਇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 44
ਹੁਣ ਜਿਸ ਨੂੰ ਸਤਿਕਾਰਿਆ ਹੈ, ਪਿਆਰਿਆ ਹੈ, ਨਿਹਾਰਿਆ ਹੈ, ਉਸ ਦੀ ਨਦਰ, ਸਾਹਿਬ ਆਪ ਫ਼ੁਰਮਾ ਰਹੇ ਹਨ, “ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰ ਨਦਰਿ ਕਰੇਇ”। ਪਿਤਾ ਜੀ ਬਹੁਤ ਹੀ ਵੈਰਾਗ ਦੇ ਵਿੱਚ ਸਨ, ਹੰਝੂਆਂ ਦੀ ਧਾਰਾ ਵਹਿ ਰਹੀ ਹੈ, ਫ਼ੁਰਮਾਇਆ- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਕਮਲਾਂ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਕਮਲਾਂ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਚਰਨ-ਕਮਲਾਂ ਦੇ ਵਿੱਚ...
ਸਤਿਗੁਰੁ ਮੇਰਾ ਸਦਾ ਸਦਾ ਨ ਆਵੈ ਨਾ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 759
ਸਤਿਗੁਰੁ ਮੇਰਾ ਸਦਾ-ਸਦਾ, ਉਹ ਅਬਿਨਾਸੀ ਹੈ, ਨਿਰੰਕਾਰ ਸਰੂਪ ਹੈ, ਦਸੋਂ ਪਾਤਸ਼ਾਹੀਆਂ ਜਲਵਾ-ਫ਼ਰੋਸ਼ ਹਨ।
ਪਿਤਾ ਜੀ ਦਾ ਵੈਰਾਗ ਦੇਖ ਕੇ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਪੁੱਤ, ਫਿਰ ਉਹ ਨਦਰ ਵੇਖਣਾ ਚਾਹੁੰਦਾ ਹੈਂ, ਉਸ ਵੇਲੇ ਦਸੋਂ ਪਾਤਸ਼ਾਹੀਆਂ ਜਦੋਂ ਪ੍ਰਤੱਖ ਆਈਆਂ, ਦਸੋਂ ਪਾਤਸ਼ਾਹੀਆਂ ਫਿਰ ਜਿਸ ਨਦਰ ਦੇ ਨਾਲ, ਜਿਸ ਨਦਰ ਦੇ ਵਿੱਚ ਦਰਗਾਹ ਦੀਆਂ ਸਾਰੀਆਂ ਬਰਕਤਾਂ ਵਹਿੰਦੀਆਂ ਹਨ। ਉਸ ਵੇਲੇ ਜਦੋਂ ਦਸੋ ਪਾਤਸ਼ਾਹੀਆਂ ਇੱਕ ਹੋ ਕੇ ਉਸ ਪਿਆਰ ਨੂੰ ਪਰਵਾਨ ਕਰ ਰਹੀਆਂ ਹਨ ਉਸ ਵੇਲੇ ਉਹ ਪ੍ਰਵੇਸ਼ ਕਿੱਥੇ ਕਰਦਾ ਹੈ ਉਹ ਨਦਰ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆ ਵਾਲਾ ਸਰੂਰ, ਉਹ ਮਸਤੀ, ਉਹ ਨਸ਼ਾ, ਉਹ ਖ਼ੁਮਾਰੀ ਜਦੋਂ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।
ਫਿਰ ਪਿਤਾ ਜੀ ਫੁਰਮਾਉਣ ਲੱਗੇ-
ਪੁੱਤ, ਉਸ ਮਸਤੀ ਨੂੰ ਦੇਣ ਵਾਲਾ ਸਿਰਫ਼ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਕੋਈ ਹੋਰ ਨਹੀਂ। ਸਾਧ ਸੰਗਤ ਜੀ ਫਿਰ ਉਹ ਪਿਤਾ ਜੀ ਫੁਰਮਾਉਣ ਲੱਗੇ- ਜੋ ਇਹ ਬਖਸ਼ਿਸ਼ ਕਰ ਸਕਦਾ ਹੈ ਤੇ ਉਹ ਰਸ ਵੀ ਆਪ ਹੀ ਚਖ ਸਕਦਾ ਹੈ ਕਿਉਂਕਿ ਇਨਸਾਨ ਦੀ ‘ਮੈਂ’ ਇਹ ਰਸ ਨਹੀਂ ਚੱਖ ਸਕਦੀ।
ਗੁਰੂ ਨਾਨਕ ਤੇ ਗੁਰੂ ਗ੍ਰੰਥ ਦਾ
ਸ਼ਿੰਗਾਰ ਗੁਰੂ ਗੋਬਿੰਦ ਸਿੰਘ ਜੀ।
ਦਾਤੇ ਦੀਆਂ ਦਾਤਾਂ ਵੰਡ ਗਏ
ਦਾਤਾਰ ਗੁਰੂ ਗੋਬਿੰਦ ਸਿੰਘ ਜੀ।
ਸੀਸ ਦਿਆਂ ਤੇਰੇ ਚਰਨਾਂ ਤੋਂ
ਸੌ ਵਾਰ ਗੁਰੂ ਗੋਬਿੰਦ ਸਿੰਘ ਜੀ।
ਤਾਂ ਵੀ ਨਹੀਂ ਤੇਰਾ ਲਹਿ ਸਕਦਾ
ਉਪਕਾਰ ਗੁਰੂ ਗੋਬਿੰਦ ਸਿੰਘ ਜੀ।
ਵਾਹ-ਵਾਹ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।
ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
