ਪ੍ਰੇਮ ਦਾ ਨਿਖਾਰ ਕੀ ਹੈ?
ਪ੍ਰੇਮ ਦਾ ਨਿਖਾਰ ਕੀ ਹੈ?
ਪਰ ਸਾਧ ਸੰਗਤ ਜੀ ਕਮਾਲ ਹੋ ਗਈ। 9 ਸਾਲ ਦੀ ਆਯੂ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹੁੰਦੇ ਹਨ ਅਤੇ 33 ਸਾਲ ਦੀ ਆਯੂ ਦੇ ਵਿੱਚ ਇਹ ਪਰਚਾ ਪਾਇਆ ਹੈ। 24 ਸਾਲ ਉਸ ਸੰਗਤ ਨੇ ਦਸਮੇਸ਼ ਪਿਤਾ ਦੇ ਬੜੇ ਅਨੋਖੇ ਖੇਡ ਦੇਖੇ ਹਨ। ਉਨ੍ਹਾਂ ਦੀ ਉਹ ਪ੍ਰੇਮ ਲੀਲ੍ਹਾ ਦੇਖੀ ਹੈ ਪਰ ਉਸ ਪ੍ਰੇਮ ਦੇ ਪਰਚੇ ਵਿੱਚ ਫਿਰ ਪਾਸ ਕੌਣ ਹੁੰਦਾ ਹੈ?
ਪਿਤਾ ਜੀ ਇੱਕ ਦਿਨ ਕਹਿਣ ਲੱਗੇ ਕਿ-
ਪ੍ਰੇਮ ਦਾ ਨਿਖਾਰ ਕੀ ਹੈ? ਪ੍ਰੇਮ ਦਾ ਸਾਰ ਰਸ ਕੀ ਹੈ? ਪ੍ਰੇਮ ਦੇ ਅਰਥ ਕੀ ਹਨ? ਪ੍ਰੇਮ ਦੀ ਅਸਲ ਰੂਪ ਰੇਖਾ ਕੀ ਹੈ? ਫਿਰ ਆਪ ਹੀ ਜਵਾਬ ਦੇ ਕੇ ਕਹਿਣ ਲੱਗੇ ਕਿ ਪ੍ਰੇਮ ਦਾ ਸਾਰ ਰਸ ਵੀ ਬਲੀਦਾਨ ਹੈ, ਪ੍ਰੇਮ ਦਾ ਨਿਖਾਰ ਵੀ ਬਲੀਦਾਨ ਹੈ, ਪ੍ਰੇਮ ਦੀ ਰੂਪ ਰੇਖਾ ਵੀ ਬਲੀਦਾਨ ਹੈ, ਪ੍ਰੇਮ ਦੇ ਅਰਥ ਵੀ ਬਲੀਦਾਨ ਹਨ।
ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਕਿ-
ਜਿਹੜਾ ਵੀ, ਸਾਹਿਬ ਸਤਿਗੁਰੂ ਨਾਲ ਪ੍ਰੇਮ ਕਰਦਾ ਹੈ ਉਸ ਨੇ ਦੇਣਾ ਹੀ ਦੇਣਾ ਹੈ ਲੈਣਾ ਕੁੱਝ ਨਹੀਂ।
ਪਿਤਾ ਜੀ ਨੇ ਫ਼ੁਰਮਾਇਆ ਕਿ-
ਬਾਬਾ ਨੰਦ ਸਿੰਘ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਸਮਝਾਇਆ ਕਿ ਪ੍ਰੇਮ ਦੇ ਵਿੱਚ ਪ੍ਰੇਮੀ ਤੇ ਪ੍ਰੇਮ ਦੋਨੋਂ ਹੀ ਅਲੋਪ ਹੋ ਜਾਂਦੇ ਹਨ, ਰਹਿੰਦਾ ਸਿਰਫ਼ ਪਿਆਰ ਹੈ। ‘ਮੈ’ ਤਾਂ ਰਹਿੰਦੀ ਹੀ ਨਹੀਂ, ਰਹਿੰਦਾ ਕੋਣ ਹੈ? ਸਿਰਫ਼ ‘ਤੂੰ’।
ਉਸ ਵੇਲੇ ਜਿਸ ਪ੍ਰੇਮ ਦਾ ਪਰਚਾ ਪਾਇਆ ਹੈ ਉਸ ਵੇਲੇ ਉੱਠੇ ਕੌਣ ਹਨ? ਭਾਈ ਦਇਆ ਰਾਮ ਜੀ ਜਿਹੜੇ ਉਸ ਸੰਗਤ ਦੇ ਜੋੜੇ ਸਾਫ਼ ਕਰਦੇ ਸਨ। ਸਿੱਧੇ ਆਪਣੇ ਪਰਮ ਲਕਸ਼ ਵੱਲ ਤੁਰ ਪਏ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪ੍ਰੇਮ ਕਰਦੇ ਹਨ। ਆਪਣੇ ਸਾਹਿਬ ਸਤਿਗੁਰੂ ਨਾਲ ਨਿਰਮਲ ਤੇ ਨਿਰੋਲ ਪ੍ਰੇਮ ਕਰਦੇ ਹਨ। ਉਹ ਪ੍ਰੇਮੀ ਕਿਹੜਾ ਪ੍ਰੇਮ ਆਪਣੇ ਅੰਦਰ ਛੁਪਾਈ ਬੈਠਾ ਹੈ, ਲੁਕਾਈ ਬੈਠਾ ਹੈ, ਉਸ ਨਿਰਮਲ ਤੇ ਨਿਰੋਲ ਪਿਆਰ ਦੇ ਵਿੱਚ ਅਡੋਲ ਤੁਰਿਆ ਜਾ ਰਿਹਾ ਹੈ। ਆਪਣਾ ਸੀਸ ਝੁਕਾ ਕੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ! ਮੈਂ ਤੇਰਾ, ਮੈਂ ਤੇਰਾ, ਸੀਸ ਹਾਜ਼ਿਰ ਹੈ। ਸਾਧ ਸੰਗਤ ਜੀ ਉਸ ਪ੍ਰੇਮ ਦੇ ਵਿੱਚ ਪੰਜ ਨਿਤਰੇ ਹਨ। ਇਹ ਪਹਿਲੀ ਵਾਰੀ ਇਸ ਜੁਗ ਦੇ ਵਿੱਚ ਹੋਇਆ ਹੈ ਕਿ ਭਗੌਤੀ ਦੀ ਇੱਕ ਚੋਟ ਦੇ ਨਾਲ ਨਿਰੰਕਾਰ ਨੇ ਪੰਜ ਭਗਤਾਂ ਨੂੰ ਪ੍ਰਗਟ ਕੀਤਾ ਹੋਵੇ। ਕੀ ਖੇਡ ਖੇਡਿਆ ਸਾਹਿਬ ਨੇ?
ਫ਼ੁਰਮਾ ਦਿੱਤਾ ਹੈ-
ਸਾਚੁ ਕਹੌਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥
‘ਸਾਚੁ ਕਹੋਂ’ ਇਹ ਸਾਰੇ ਸੱਚਾਂ ਵਿੱਚੋਂ ਜਿਹੜਾ ਮਹਾਨ ਸੱਚ ਹੈ ਉਹ ਦੱਸ ਰਿਹਾ ਹਾਂ ਕਿ-
“ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”
ਜਿਨ੍ਹਾਂ ਨੇ ਉਸ ਪ੍ਰੇਮ ਸਰੂਪ ਨਿਰੰਕਾਰ ਨਾਲ ਪ੍ਰੇਮ ਕੀਤਾ ਹੈ। ਉਸ ਪ੍ਰੇਮ ਤੱਤ, ਉਸ ਪ੍ਰੇਮ-ਮੂਲ ਦੇ ਵਿੱਚ ਸਿਰਫ਼ ਪ੍ਰੇਮੀ ਹੀ ਜਾ ਸਕਦਾ ਹੈ। “ਤਿਨ ਹੀ ਪ੍ਰਭ ਪਾਇਓ” ਸਿਰਫ਼ ਪ੍ਰੇਮ ਨਾਲ ਹੀ ਉਸ ਪ੍ਰੇਮ ਨਾਲ ਅਭੇਦਤਾ ਹੋ ਸਕਦੀ ਹੈ। ਉਸ ਵੇਲੇ ਪ੍ਰੇਮ ਦੇ ਅਰਥ ਸਮਝ ਆਏ ਹਨ ਕਿ ਜਿਹੜਾ ਆਪਣਾ ਸੱਭ ਕੁਝ ਆਪਣੇ ਸਾਹਿਬ ਸਤਿਗੁਰੂ ਦੇ ਉੱਤੇ ਕੁਰਬਾਨ ਕਰ ਦੇਵੇ, ਉਹ ਪ੍ਰੇਮ ਹੈ।
ਪਰ ਧਰਮ ਚਲਾਣ ਵਾਸਤੇ ਜੋ ਸਾਹਿਬ ਨੇ ਰਸਤਾ ਅਪਣਾਇਆ ਹੈ ਜਿਸ ਗੁਰੂ ਨਾਨਕ ਨਿਰੰਕਾਰ ਦੀ ਨਿਮਰਤਾ ਵਿੱਚ ਦਸਮੇਸ਼ ਪਿਤਾ ਜੀ ਵਰਤੇ ਹਨ ਕਮਾਲ ਹੀ ਕਰ ਦਿੱਤੀ ਹੈ। ਜਿਸ ਵਕਤ ਸਾਹਿਬ ਖੇਡ ਖੇਡਦੇ ਹੋਏ ਆਪਣਾ ਸਰਬੰਸ ਲੁਟਾ ਕੇ, ਸੱਭ ਨੂੰ ਨਿਛਾਵਰ ਕਰਕੇ ਫਿਰ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੁਬਾਰਾ ਲਿਖਵਾਇਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪੂਰੀ ਬਾਣੀ ਚੜ੍ਹਾਈ ਹੈ ਪਰ ਸੱਚੇ ਪਾਤਸ਼ਾਹ ਨੇ ਰੱਤੀ ਭਰ ਮਾਣ ਨਹੀਂ ਲਿਆ। ਆਪਣੇ ਆਪ ਦੀ ਗੁਰੂ ਨਾਨਕ ਨਾਲ ਤੁਲਨਾ ਨਹੀਂ ਕੀਤੀ। ਸਾਹਿਬ ਆਪਣੀ ਬਾਣੀ ਉਚਾਰ ਚੁੱਕੇ ਸਨ ਪਰ ਕੀ ਮਜਾਲ ਹੈ ਕਿ ਇੱਕ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਇਆ ਹੋਵੇ। ਆਪਣੀ ਬਾਣੀ ਦੀ ਗੁਰੂ ਨਾਨਕ ਦੀ ਬਾਣੀ ਨਾਲ ਤੁਲਨਾ ਨਹੀਂ ਕੀਤੀ। ਸਾਹਿਬ ਆਪਣਾ ਮਹਾਨ ਮਿਸ਼ਨ ਪੂਰਾ ਕਰ ਚੁੱਕੇ ਸਨ, ਆਪਣਾ ਸੱਭ ਕੁਝ ਨਿਛਾਵਰ ਕਰ ਚੁੱਕੇ ਸਨ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁਕੰਮਲ ਕੀਤਾ ਹੈ।
ਇਹ ਧਰਮ ਕੀ ਹੈ? ਨਿਰੰਕਾਰ ਪ੍ਰੇਮ ਹੀ ਪ੍ਰੇਮ ਹੈ, ਉਸਦਾ ਧਰਮ ਵੀ ਪ੍ਰੇਮ ਹੈ। ਸਾਧ ਸੰਗਤ ਜੀ ਪ੍ਰੇਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਧਾਰਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਹੀ ਪ੍ਰੇਮ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਧਰਮਾਂ ਦਾ, ਸਾਰੇ ਮਜ਼੍ਹਬਾਂ ਦਾ, ਪ੍ਰੇਮ ਦਾ ਨਿਚੋੜ ਹੈ।
ਇਸ ਸੋਮੇਂ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੇ ਵਿੱਚ ਉਸ ਸੱਚ ਅਤੇ ਪ੍ਰੇਮ ਨੇ ਸਾਰੇ ਧਰਮਾਂ, ਸਾਰੇ ਮਜ਼੍ਹਬਾਂ ਵਾਸਤੇ, ਉਸ ਪ੍ਰਕਾਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਉਹ ਪ੍ਰਕਾਸ਼ ਵੀ ਸੱਭ ਤੋਂ ਨੀਵੇ ਅਸਥਾਨ ਤੋਂ ਚਾਰੋਂ ਪਾਸੇ, ਫੈਲ ਰਿਹਾ ਹੈ। ਜਿਹੜਾ ਸੂਰਜ ਹੈ ਉਹ ਦੁਨੀਆਂ ਦੇ ਉੱਤੇ ਚਮਕਦਾ ਹੈ। ਪਰ ਇਹ ਜਿਹੜਾ ਸੂਰਜ ਹੈ ਉਦੈ ਹੁੰਦਾ ਹੈ ਸੱਭ ਤੋਂ ਨੀਵੇਂ ਅਸਥਾਨ ਤੋਂ। ਗੁਰੂ ਨਾਨਕ ਪਾਤਸ਼ਾਹ ਦਾ ਨਿਮਰਤਾ ਦਾ ਸੂਰਜ, ਸੱਭ ਤੋਂ ਨੀਵੇ ਅਸਥਾਨ ਹਰਿੰਮਦਰ ਸਾਹਿਬ ਤੋਂ ਉਦੈ ਹੁੰਦਾ ਹੈ।
ਸਾਧ ਸੰਗਤ ਜੀ ਦਸਮੇਸ਼ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁਕੰਮਲ ਕਰਕੇ ਜਿਸ ਵੇਲੇ ਗੁਰਗੱਦੀ ਤੇ ਬਿਰਾਜਮਾਨ ਕੀਤਾ ਹੈ ਉਸੇ ਵੇਲੇ ਸਾਹਿਬ ਫਿਰ ਲਾਂਭ੍ਹੇ ਖੜ੍ਹੇ ਹੋ ਗਏ ਹਨ, ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਨੇ ਲਾਂਭ੍ਹੇ ਖੜ੍ਹੇ ਹੋ ਕੇ ਹਿੱਸਾ ਪਾਇਆ ਹੈ। ਪ੍ਰੇਮ ਦੇ ਅਖੰਡ ਸਜਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਣਾ ਹਿੱਸਾ ਪਾਇਆ ਹੈ ਆਪ ਉਹਦੇ ਵਿੱਚ ਸ਼ਾਮਿਲ ਹੋਏ ਹਨ। ਪਰ ਕਿਸ ਅਵੱਸਥਾ ਦੇ ਵਿੱਚ, ਕਿਸ ਤਰ੍ਹਾਂ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਪਹੁੰਚਦੇ ਹਨ ਤੇ ਫਿਰ ਜਿਹੜਾ ਖੇਡ ਉੱਥੇ ਖੇਡਿਆ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਜ ਸਜਾਈ ਹੈ ਪ੍ਰਕਾਸ਼ ਕੀਤਾ ਹੈ, ਚੌਰ ਕੀਤੀ ਹੈ, ਪਰਿਕਰਮਾ ਕੀਤੀ ਹੈ ਫਿਰ ਚਰਨਾਂ ਦੇ ਵਿੱਚ ਲਾਂਭ੍ਹੇ ਖੜ੍ਹੇ ਹੋ ਗਏ ਹਨ। ਲਾਂਭ੍ਹੇ ਖੜ੍ਹੇ ਹੋ ਕੇ, ਆਪਣਾ ਸੱਭ ਕੁੱਝ ਸੌਂਪ ਚੁੱਕੇ ਹਨ, ਸੱਭ ਕੁੱਝ ਨਿਛਾਵਰ ਕਰ ਚੁੱਕੇ ਹਨ, ਸੱਭ ਕੁੱਝ ਸਮੇਟ ਲਿਆ ਹੈ ਅਤੇ ਫਿਰ ਜਦੋਂ ਸਜਦਾ ਕਰਦੇ ਹਨ, ਸਾਧ ਸੰਗਤ ਜੀ ਉਸ ਵੇਲੇ ਦਾ ਇੱਕ ਮੰਜ਼ਰ ਜੋ ਪਿਤਾ ਜੀ ਨੇ ਦੱਸਿਆ ਹੈ ਮੈਂ ਆਪ ਦੇ ਨਾਲ ਸਾਂਝਾ ਕਰਦਾ ਹਾਂ।
ਕਹਿਣ ਲੱਗੇ ਕਿ ਬਾਬੇ ਦਰਸ਼ਨ ਕਰਵਾ ਰਹੇ ਹਨ ਕਿ ਕਿਸ ਤਰ੍ਹਾਂ ਦਸਮੇਸ਼ ਪਿਤਾ ਪ੍ਰੇਮ ਆਹੂਤੀਆਂ ਵਿੱਚ ਆਪਣਾ ਸੱਭ ਕੁੱਝ ਨਿਛਾਵਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਿਸ ਵੇਲੇ ਸਜਦਾ ਕਰਦੇ ਹਨ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਧੁਨੀਆਂ ਗੂੰਜ ਰਹੀਆਂ ਹਨ।
ਪੋਥੀ ਪਰਮੇਸਰ ਕਾ ਥਾਨੁ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1226
ਵਾਹੁ ਵਾਹੁ ਬਾਣੀ ਨਿਰੰਕਾਰ ਹੈ
ਤਿਸ ਜੇਵਡੁ ਅਵਰੁ ਨ ਕੋਇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 515
ਪਰਮੇਸਰ ਅਤੇ ਨਿਰੰਕਾਰ ਦੀਆਂ ਧੁਨੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਵਲੋਂ ਗੂੰਜ ਰਹੀਆਂ ਹਨ। ਦਸਮੇਸ਼ ਪਿਤਾ ਹੱਥ ਜੋੜ ਕੇ ਉਸ ਵੇਲੇ ਚਰਨਾਂ ਵਿੱਚ ਖੜ੍ਹੇ ਹਨ। ਫਿਰ ਆਪਣਾ ਮਸਤਕ ਟੇਕਦੇ ਹਨ, ਕਹਿਣ ਲੱਗੇ ਉਸ ਵੇਲੇ ਕੀ ਧੁਨੀ ਆ ਰਹੀ ਹੈ ਦਸਮੇਸ਼ ਪਿਤਾ ਵਿੱਚੋਂ, ਕੀ ਆਵਾਜ਼ ਆ ਰਹੀ ਹੈ?
ਜੋ ਹਮ ਕੋ ਪਰਮੇਸਰ ਉਚਰਿ ਹੈ ॥
ਤੇ ਸਭ ਨਰਕ ਕੁੰਡ ਮਹਿ ਪਰਿ ਹੈਂ ॥
ਉਸ ਤਰਫੋਂ ਧੁਨੀ ਆ ਰਹੀ ਹੈ ਪੋਥੀ ਪਰਮੇਸਰ ਕਾ ਥਾਨੁ, ਫਿਰ ਉਸ ਨਿਰੰਕਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੀ ਕਹਿ ਰਹੇ ਹਨ,
ਜੋ ਹਮ ਕੋ ਪਰਮੇਸਰ ਉਚਰਿ ਹੈਂ ॥
ਤੇ ਸਭ ਨਰਕ ਕੁੰਡ ਮਹਿ ਪਰਿ ਹੈਂ ॥
ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਕਿ ਜੇ ਗੁਰੂ ਗੋਬਿੰਦ ਸਾਹਿਬ ਨੂੰ ਨਿਰੰਕਾਰ ਕਹਿਣ ਦੇ ਨਾਲ ਨਰਕ ਭੋਗਣੇ ਪੈਂਦੇ ਹਨ ਤਾਂ ਅਸੀਂ ਉਹ ਨਰਕ ਭੋਗਣ ਨੂੰ ਤਿਆਰ ਹਾਂ। ਫਿਰ ਥੋੜ੍ਹੇ ਹੀ ਵਕਤ ਤੋਂ ਬਾਅਦ ਸਾਹਿਬ ਅਲੋਪ ਹੋ ਗਏ ਹਨ।
ਕਿਸ ਤਰ੍ਹਾਂ ਆਪਣੇ ਆਪ ਨੂੰ, ਉਸ ਪ੍ਰੇਮ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਛਾਵਰ ਕੀਤਾ ਹੈ ਜਿਹੜੇ ਇਸ-
ਕਲਿਜੁਗ ਕੇ ਬੋਹਿਥ,
ਨਾਮ ਕੇ ਜਹਾਜ,
ਹਲਤ-ਪਲਤ ਕੇ ਰੱਖਿਅਕ,
ਲੋਕ-ਪਰਲੋਕ ਕੇ ਸਹਾਇਕ ਹਨ।
ਹਲਤ-ਪਲਤ ਦਾ ਰੱਖਿਅਕ ਕੌਣ ਹੋ ਸਕਦਾ ਹੈ, ‘ਨਿਰੰਕਾਰ’।
ਲੋਕ-ਪ੍ਰਲੋਕ ਕੇ ਸਹਾਇਕ, ‘ਨਿਰੰਕਾਰ’।
ਦਸਾਂ ਪਾਤਸ਼ਾਹੀਆਂ ਦੀ ਹਾਜ਼ਰ-ਨਾਜ਼ਰ ਜਾਗਦੀ ਜੋਤ ਹਨ। ਦਸਵੇਂ ਪਾਤਸ਼ਾਹ ਵੀ ਉੱਥੇ ਹੀ ਬਿਰਾਜਮਾਨ ਹਨ ਉਸ ਜਾਗਦੀ ਜੋਤ ਦੇ ਵਿੱਚ, ਉਸਦਾ ਹੀ ਹਿੱਸਾ ਹਨ। ਨਿਰੰਕਾਰ ਦਾ ਹੀ ਹਿੱਸਾ ਹਨ, ਜਿਸ ਨਿਰੰਕਾਰ ਵਿੱਚੋਂ ਸਾਹਿਬ ਉਤਪੰਨ ਹੋਏ ਹਨ, ਜਿਸਦੇ ਵਿੱਚੋਂ ਦੋ ਸਰੂਪ ਹੋਏ ਸੀ ਅੱਜ ਉਸੇ ਨਿਰੰਕਾਰ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋ ਗਏ।
ਸਾਧ ਸੰਗਤ ਜੀ 300 ਸਾਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੋਇਆ ਹੈ। ਜੋ ਅਨਭਵੀ ਪ੍ਰਕਾਸ਼, ਦਸੋਂ ਪਾਤਸ਼ਾਹੀਆਂ ਨੇ ਜੋ ਕੁੱਝ ਖੇਡ ਖੇਡੇ ਹਨ ਜੋ ਸੱਭ ਕੁੱਝ ਆਪਣਾ ਕੁਰਬਾਨ ਕੀਤਾ ਹੈ ਉਹ ਆਪਣੀ ਪੂਰੀ ਸਿੱਖਿਆ ਜੋ ਸਾਨੂੰ ਦਿੱਤੀ ਹੈ, ਉਹ ਪੂਰੀ ਦੀ ਪੂਰੀ ਸਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਉਹ ਸਾਰੇ ਦਾ ਸਾਰਾ ਪ੍ਰਕਾਸ਼ ਸਾਨੂੰ ਦੇ ਗਏ ਹਨ। ਇਹ ਸਾਡੀ ਝੋਲੀ ਵਿੱਚ ਪਾ ਗਏ ਹਨ ਅਤੇ ਦਸੋਂ ਪਾਤਸ਼ਾਹੀਆਂ ਸਾਡੇ ਸਾਹਮਣੇ ਬਿਰਾਜਮਾਨ ਹਨ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
