ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ... - ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ

Humbly request you to share the message with all you know on the planet!

ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ... - ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ

ਇੱਕ ਦਫ਼ਾ ਬਾਬਾ ਨੰਦ ਸਿੰਘ ਸਾਹਿਬ ਨੇ ਦੀਵਾਨ ਵਿੱਚ ਬਚਨ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਦੱਸੇ।

ਪਹਿਲਾ ਸਰੂਪ ਨਿਰਾਕਾਰ,

ਦੂਜਾ ਸਾਕਾਰ ਸਰੂਪ,

ਤੀਜਾ ਗੁਰਬਾਣੀ ਅਤੇ

ਚੌਥਾ ਸਰੂਪ ਨਿਮਰਤਾ।

ਸਾਹਿਬ (ਗੁਰੂ ਨਾਨਕ ਪਾਤਸ਼ਾਹ) ਆਪ ਹੀ ਨਿਰੰਕਾਰ ਸਨ ਜਦ ਸਾਕਾਰ ਰੂਪ ਵਿੱਚ ਤਸ਼ਰੀਫ਼ ਲਿਆਏ ਹਨ। 

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1408

ਵਾਹੁ-ਵਾਹੁ ਬਾਣੀ ਨਿਰੰਕਾਰ ਹੈ ॥

ਇਹ ਉਸ ਦਾ ਤੀਜਾ ਸਰੂਪ ਹੈ।

ਚੌਥਾ ਸਰੂਪ ਸਾਹਿਬ (ਗੁਰੂ ਨਾਨਕ ਪਾਤਸ਼ਾਹ) ਦਾ ‘ਨਿਮਰਤਾ’ ਹੈ।

ਸਾਹਿਬ ਫ਼ੁਰਮਾਉਂਦੇ ਹਨ :

ਨੀਚਾ ਅੰਦਰਿ ਨੀਚ ਜਾਤਿ 
ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ 
ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ 
ਤਿਥੈ ਨਦਰਿ ਤੇਰੀ ਬਖਸੀਸ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 15

ਗੁਰੂ ਨਾਨਕ ਪਾਤਸ਼ਾਹ ਨੇ ਕਦੇ ‘ਮੈਂ’ ਨਾਨਕ ਨਹੀਂ ਕਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਮੈਂ’ ਨਾਨਕ ਦਾ ਲਫ਼ਜ਼ ਨਹੀਂ ਕਿਹਾ। ਸਾਹਿਬ ਕਿਸ ਨਿਮਰਤਾ ਵਿੱਚ ਵਿਚਰ ਰਹੇ ਹਨ। ਰੱਤੀ ਭਰ ਵਡਿਆਈ ਆਪਣੇ ਉੱਪਰ ਨਹੀਂ ਲਈ, ਸਾਰੀ ਵਡਿਆਈ ਨਿਰੰਕਾਰ ਨੂੰ, ਪਾਰਬ੍ਰਹਮ ਨੂੰ ਦੇ ਰਹੇ ਹਨ। ਗੁਰੂ ਸਾਹਿਬਾਨ ਨਿਮਰਤਾ ਦੇ ਪੂਰਨੇ ਪਾ ਰਹੇ ਹਨ।

ਗੁਰੂ ਅੰਗਦ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣ ਗਏ ਹਨ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਧੂੜ ਬਣ ਗਏ ਹਨ, ਨਿਮਰਤਾ ਅਤੇ ਗਰੀਬੀ ਦੇ ਪੂਰਨੇ ਪਾ ਰਹੇ ਹਨ।

ਕਿਹੜੀ ਨਿਮਰਤਾ?

ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਹਨ। ਪਤਾ ਲੱਗਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਏ ਹਨ। ਬਹੁਤ ਹੀ ਸਤਿਕਾਰ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਬਾਬਾ ਸ੍ਰੀ ਚੰਦ ਜੀ ਮਹਾਰਾਜ ਨੂੰ ਉੱਚੇ ਆਸਨ ਤੇ ਬਿਠਾਇਆ ਅਤੇ ਉਨ੍ਹਾਂ ਦੇ ਪਾਵਨ ਚਰਨਾਂ ਵਿੱਚ ਆਪ ਬੈਠ ਗਏ। ਜਿਸ ਵਕਤ ਚਰਨਾਂ ਵਿੱਚ ਆਪ ਬੈਠੇ ਹਨ ਤੇ ਆਪਣੇ ਪਾਵਨ ਦਾੜ੍ਹੇ ਦੇ ਨਾਲ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਚਰਨ ਪਰਸ ਰਹੇ ਹਨ, ਸਾਫ਼ ਕਰ ਰਹੇ ਹਨ। 

ਬਾਬਾ ਸ੍ਰੀ ਚੰਦ ਜੀ ਮਹਾਰਾਜ ਉਨ੍ਹਾਂ ਦੀ ਨਿਮਰਤਾ ਵੇਖ ਕੇ ਉਸ ਗੁਰੂ ਨਾਨਕ ਪਾਤਸ਼ਾਹ, ਨਿਰੰਕਾਰ ਪਿਤਾ ਦੇ ਚਰਨਾਂ ਵਿੱਚ ਲੀਨ ਹੋ ਗਏ। ਕੁੱਝ ਦੇਰ ਬਾਅਦ ਉਨ੍ਹਾਂ ਨੇ ਆਪਣੇ ਪਾਵਨ ਨੇਤਰ ਖੋਲ੍ਹੇ ਤਾਂ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੂੰ ਇੱਕ ਬਚਨ ਕਰਦੇ ਹਨ।

ਫ਼ੁਰਮਾਇਆ ਕਿ-

ਇੱਕ ਦਫ਼ਾ ਅਸੀਂ ਆਪਣੇ ਨਿਰੰਕਾਰ ਪਿਤਾ ਜੀ ਨੂੰ ਪੁੱਛਿਆ ਕਿ ਹੇ ਸੱਚੇ ਪਾਤਸ਼ਾਹ ਜੇ ਤੁਹਾਨੂੰ ਲੱਭਣਾ ਹੋਵੇ ਤਾਂ ਕਿੱਥੇ ਲੱਭੀਏ?

ਗੁਰੂ ਨਾਨਕ ਸਾਹਿਬ ਅੱਗੋਂ ਕੀ ਫ਼ੁਰਮਾਉਂਦੇ ਹਨ? (ਬਾਬਾ ਸ੍ਰੀ ਚੰਦ ਜੀ, ਗੁਰੂ ਰਾਮਦਾਸ ਜੀ ਨੂੰ ਦੱਸ ਰਹੇ ਹਨ)

ਸ੍ਰੀ ਚੰਦ, ਜੇ ਸਾਨੂੰ ਲੱਭਣਾ ਹੋਵੇ ਤਾਂ ਇਸ ਲੁਕਾਈ ਦੇ ਪੈਰਾਂ ਦੀ ਖ਼ਾਕ ਵਿੱਚੋਂ ਲੱਭ ਲੈਣਾ।

ਬਾਬਾ ਸ੍ਰੀ ਚੰਦ ਜੀ ਫ਼ੁਰਮਾਉਣ ਲਗੇ-

ਇਸ ਵਕਤ ਅਸੀਂ ਤੁਹਾਡੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਨਿਮਰਤਾ ਤੇ ਗਰੀਬੀ ਦੀ ਉਹੀ ਝਲਕ ਤੁਹਾਡੇ ਚਿਹਰੇ ਤੇ ਦੇਖ ਰਹੇ ਹਾਂ।

ਫਿਰ ਹੱਥ ਜੋੜ ਕੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਤਿੰਨ ਵਾਰ ਕਿਹਾ-

ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ !

ਸਾਧ ਸੰਗਤ ਜੀ, ਇਹ ਕੈਸੀ ਨਿਮਰਤਾ ਹੈ?

ਪੰਚਮ ਪਿਤਾ ਸਾਡੇ ਵਾਸਤੇ ਜੋ ਕੁੱਝ ਕਰਕੇ ਗਏ ਹਨ, ਸਾਹਿਬ ਸਾਡੇ ਵਾਸਤੇ ਇੱਕ ਥਾਲ ਪਰੋਸ ਕੇ ਰੱਖ ਗਏ ਹਨ। ਸਾਹਿਬ ਕਿਸ ਤਰ੍ਹਾਂ ਦਾ ਪਿਆਰ ਕਰ ਰਹੇ ਹਨ। ਇੱਕ ਥਾਲ ਵਿੱਚ ਇੱਕ ਭੋਜਨ ਪਰੋਸ ਕੇ ਰੱਖ ਗਏ ਹਨ ਤੇ ਆਪ ਫ਼ੁਰਮਾ ਰਹੇ ਹਨ- 

ਥਾਲ ਵਿਚਿ ਤਿੰਨਿ ਵਸਤੂ ਪਈਓ 
ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ 
ਜਿਸ ਕਾ ਸਭਸੁ ਅਧਾਰੋ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429 

ਸਾਹਿਬ ਨੇ ਇੱਕ ਥਾਲ ਪਰੋਸਿਆ ਹੈ, ਉਸ ਥਾਲ ਵਿੱਚ ਭੋਜਨ ਕੀ ਰੱਖਿਆ?

ਅੰਮ੍ਰਿਤ ਨਾਮ ਦੇ ਵਿੱਚ ਸਤਸੰਤੋਖ ਤੇ ਬ੍ਰਹੰਮ ਵਿਚਾਰ। 

ਫਿਰ ਉਹ ਥਾਲ ਸਾਹਿਬ ਸਾਡੇ ਵਾਸਤੇ ਪਰੋਸ ਕੇ ਰੱਖ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਨਾ ਪੂਰੀ ਕਰਕੇ ਫਿਰ ਸਾਹਿਬ ਨੇ ਆਪਣੇ ਉੱਪਰ ਵਡਿਆਈ ਲਈ?

ਤੇਰਾ ਕੀਤਾ ਜਾਤੋ ਨਾਹੀ 
ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ 
ਆਪੇ ਤਰਸੁ ਪਇਓਈ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429 

ਗੁਰੂ ਅਰਜਨ ਪਾਤਸ਼ਾਹ ਆਪਣੇ ਉੱਤੇ ਕੋਈ ਵਡਿਆਈ ਨਹੀਂ ਲੈ ਰਹੇ। ਸਾਰੀ ਵਡਿਆਈ ਗੁਰੂ ਨਾਨਕ ਪਾਤਸ਼ਾਹ ਨੂੰ ਦੇ ਰਹੇ ਹਨ। ਗੁਰੂ ਅਰਜਨ ਪਾਤਸ਼ਾਹ (ਇਸ ਵੇਲੇ ਜਿੱਥੇ ਗੁਰੁਦੁਆਰਾ ਪਿੱਪਲੀ ਸਾਹਿਬ ਹੈ) ਕਾਬਲ ਦੀ ਸੰਗਤ ਦੀ ਸੇਵਾ ਕਰਨ ਵਾਸਤੇ ਲੰਗਰ ਆਪਣੇ ਸੀਸ ਤੇ ਚੁੱਕ ਕੇ ਮਾਤਾ ਗੰਗਾ ਜੀ ਨਾਲ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਉਂਦੇ, ਉਨ੍ਹਾਂ ਦੀਆਂ ਲੱਤਾਂ ਘੁੱਟਦੇ ਹਨ। ਜਿਸ ਵਕਤ ਕਾਬਲ ਦੀ ਸੰਗਤ, ਦਰਬਾਰ ਸਾਹਿਬ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਜੋੜੇ ਸਾਫ਼ ਕਰਦੇ ਹਨ।

ਫਿਰ ਉਹ ਗੁਰੂ ਅਰਜਨ ਪਾਤਸ਼ਾਹ ਕਿਸ ਨਿਮਰਤਾ ਵਿੱਚ ਦੋਵੇਂ ਹੱਥ ਜੋੜ ਕੇ ਸੰਗਤ ਨੂੰ ਕਹਿ ਰਹੇ ਹਨ ਕਿ- 

ਮੈ ਸੇਵਾ ਲੈਣ ਵਾਸਤੇ ਨਹੀਂ ਆਇਆ ਬਲਕਿ ਮੈਂ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਹਾਂ। 

ਇਹ ਪੰਜਵੇ ਗੁਰੂ ਨਾਨਕ ਆਪਣੀ ਸੰਗਤ ਨੂੰ ਕਹਿ ਰਹੇ ਹਨ। ਉਹ ਕਿਹੜੀ ਨਿਮਰਤਾ ਸੀ, ਕੋਈ ਵਡਿਆਈ ਲਈ ਸਾਹਿਬ ਨੇ? ਕੈਸਾ ਇਲਾਹੀ ਭੋਜਨ ਦਾ ਥਾਲ ਪਰੋਸ ਕੇ ਸਾਡੇ ਵਾਸਤੇ ਰੱਖ ਗਏ ਹਨ। 

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...