ਪ੍ਰਕਾਸ਼ ਦੇ ਚੱਕਰ ਵਿੱਚ ਮਾਤਾ ਗੁਜਰੀ ਜੀ ਅਤੇ ਚਾਰੋਂ ਸਾਹਿਬਜ਼ਾਦੇ ਕਿਹੜੇ ਚਾਰ ਚੰਦ ਲਗਾ ਗਏ - ਹੇ ਰਵਿ ਹੇ ਸਸਿ ਹੇ ਕਰੁਣਾਨਿਧਿ

Humbly request you to share the message with all you know on the planet!

ਪ੍ਰਕਾਸ਼ ਦੇ ਚੱਕਰ ਵਿੱਚ ਮਾਤਾ ਗੁਜਰੀ ਜੀ ਅਤੇ ਚਾਰੋਂ ਸਾਹਿਬਜ਼ਾਦੇ ਕਿਹੜੇ ਚਾਰ ਚੰਦ ਲਗਾ ਗਏ - ਹੇ ਰਵਿ ਹੇ ਸਸਿ ਹੇ ਕਰੁਣਾਨਿਧਿ

ਇਸ ਦੁਨੀਆਂ ਤੇ, ਸੰਸਾਰ ਤੇ ਆਦਿ ਤੋਂ (ਸ਼ੁਰੂ ਤੋਂ ਹੀ) ਲੈ ਕੇ ਦੋ ਚੱਕਰ, ਦੋ ਡੋਰਾਂ ਨਾਲੋ ਨਾਲ ਚੱਲ ਰਹੀਆਂ ਹਨ, ਇੱਕ ਸਮੇਂ ਦੀ, ਦੂਸਰੀ ਨਿਰੰਕਾਰ ਦੇ ਪ੍ਰਕਾਸ਼ ਦੀ। ਇਸ ਸਮੇਂ ਦੇ ਵਿੱਚ ਹੀ ਚਾਰੇ ਜੁਗਾਂ ਦਾ ਚੱਕਰ ਚੱਲ ਰਿਹਾ ਹੈ। ਸਾਹਿਬ ਫੁਰਮਾਉਂਦੇ ਹਨ ਕਿ ਹਰ ਜੁਗ ਵਿੱਚ ਨਿਰੰਕਾਰ ਸਤਿਗੁਰੂ ਦਾ ਸਰੂਪ ਧਾਰ ਕੇ ਆਉਂਦਾ ਹੈ।

ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ-

ਗੁਰੁ ਦਾਤਾ ਜੁਗ ਚਾਰੇ ਹੋਈ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 230

ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥

ਭਾਈ ਗੁਰਦਾਸ ਜੀ

ਚਾਰੇ ਜੁਗਾਂ ਵਿੱਚ ਸਾਹਿਬ ‘ਸਤਿਗੁਰ’ ਦਾ ਸਰੂਪ ਧਾਰ ਕੇ ਆਪ ਆਉਂਦੇ ਹਨ। ਭਗਵਾਨ ਕ੍ਰਿਸ਼ਨ ਫ਼ੁਰਮਾਉਂਦੇ ਹਨ ਜਦ ਵੀ ਧਰਮ ਦੀ ਹਾਨੀ ਹੁੰਦੀ ਹੈ ਤਾਂ ਅਸੀਂ ਆਪ ਆਉਂਦੇ ਹਾਂ। 

ਧਰਮ ਕੀ ਹੈ? ਧਰਮ ਉਹ ਪ੍ਰਕਾਸ਼ ਹੈ, ਉਹ ਰੱਬ ਦਾ ਦੱਸਿਆ ਹੋਇਆ ਰਸਤਾ, ਮਾਰਗ ਹੈ ਜਿਸਨੂੰ ਉਹ ਆਪ ਆ ਕੇ ਪ੍ਰਕਾਸ਼ਿਤ ਕਰਦਾ ਹੈ ਅਤੇ ਜਿਹੜੀ ਇਹ ਪ੍ਰਕਾਸ਼ ਦੀ ਡੋਰ ਚਲ ਰਹੀ ਹੈ, ਜਿਹੜਾ ਇਹ ਪ੍ਰਕਾਸ਼ ਦਾ ਚੱਕਰ ਚਲ ਰਿਹਾ ਹੈ ਉਸ ਦੇ ਵਿੱਚ ਆਪ ਹੀ ਆ ਕੇ ਹਰ ਜੁਗ ਦੇ ਵਿੱਚ....

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 660

ਨਵੇਂ ਤੋਂ ਨਵੇਂ ਰੰਗ ਭਰ ਦਿੰਦਾ ਹੈ। ਪਰ ਧਰਮ ਦੇ ਪ੍ਰਕਾਸ਼ ਦੇ ਵਿੱਚ, ਉਹ ਨਵੇਂ-ਨਵੇਂ ਰੰਗ ਭਰਦਾ ਹੈ। ਸਾਧ ਸੰਗਤ ਜੀ ਇਹ ਕਲਿਜੁਗ ਦਾ ਸਮਾ ਵਰਤ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ-

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 470

ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਕਿ-

ਕਲਿਜੁਗ ਦੇ ਸਾਰੇ ਹੀ ਸਾਧਨ ਅੱਗ ਰੂਪੀ ਹਨ।

ਇਸ ਜੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਮਾਰਗ ਦੱਸਿਆ ਹੈ, ਜਿਹੜਾ ਧਰਮ ਪ੍ਰਚਲਿਤ, ਅਸਥਾਪਨ ਕੀਤਾ ਹੈ ਦਸਮੇਸ਼ ਪਿਤਾ ਫੁਰਮਾਉਂਦੇ ਹਨ- 

ਮੈ ਅਪਨਾ ਸੁਤ ਤੁਹਿ ਨਿਵਾਜਾ ॥ 
ਪੰਥ ਪ੍ਰਚੁਰ ਕਰਬੇ ਕਉ ਸਾਜਾ ॥ 
ਜਾਹਿ ਤਹਾ ਤੈ ਧਰਮੁ ਚਲਾਇ ॥ 
ਕਬੁਧਿ ਕਰਨ ਤੇ ਲੋਕ ਹਟਾਇ ॥ 

ਸ੍ਰੀ ਗੁਰੂ ਗੋਬਿੰਦ ਸਿੰਘ ਜੀ 

ਨਿਰੰਕਾਰ ਦੇ ਹੁਕਮ ਅਨੁਸਾਰ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇਹ ਪੰਥ ਜੋ ਉਨ੍ਹਾਂ ਨੇ ਅਸਥਾਪਨ ਕੀਤਾ, ਜੋ ਮਾਰਗ ਅਸਥਾਪਨ ਕੀਤਾ ਹੈ, ਉਸ ਦੀ ਸੇਵਾ ਵਿੱਚ ਹੀ ਨਿਰੰਕਾਰ ਨੇ ਮੈਨੂੰ ਭੇਜਿਆ ਹੈ। ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਦਸਮੇਸ਼ ਪਿਤਾ ਤਕ 239 ਸਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰ-ਗੱਦੀ ਦਿਵਸ ਤੋਂ ਪਹਿਲੋਂ ਇਸ ਪ੍ਰਕਾਸ਼ ਦੇ ਵਿੱਚ ਨਿਰੰਕਾਰ ਨੇ ਦਸ ਜੋਤਾਂ ਦੇ ਵਿੱਚ ਜੋ ਇਸ ਪ੍ਰਕਾਸ਼ ਵਿੱਚ ਰੰਗ ਭਰੇ ਹਨ ਕਿਉਂਕਿ ਹਰ ਵਾਰੀ ਜਿਸ ਵਕਤ ਵੀ ਉਹ ਆਉਂਦਾ ਹੈ ਇਸ ਪ੍ਰਕਾਸ਼ ਦੇ ਵਿੱਚ ਰੰਗ ਭਰ ਦਿੰਦਾ ਹੈ। ਇਸ ਸੰਸਾਰ ਵਾਸਤੇ ਮਾਰਗ ਦਸਣ ਵਾਲਾ ਉਹ ਆਪ ਹੀ ਹੈ। ਇਹ ਜਿਹੜਾ ਰੱਬ ਨੂੰ ਭੁੱਲਿਆ ਹੋਇਆ ਸੰਸਾਰ ਹੈ ਇਸ ਮਾਤ ਲੋਕ ਵਾਸਤੇ, ਇਸ ਕੈਦ ਵਾਸਤੇ ਜਿਹਦੇ ਵਿੱਚ ਆਪਾਂ ਸੱਭ ਕੈਦ ਹਾਂ ਉਹਦੇ ਵਾਸਤੇ ਫਿਰ ਉਹ ਪ੍ਰਕਾਸ਼ ਦੇ ਵਿੱਚ ਜਿਹੜੇ ਰੰਗ ਭਰਦਾ ਹੈ ਅੱਜ ਉਹਦੇ ਝਲਕ ਮਾਤਰ ਦਰਸ਼ਨ ਕਰਨੇ ਹਨ। ਉਸ ਮਾਰਗ ਨੂੰ ਸਾਹਿਬਜ਼ਾਦਿਆਂ ਨੇ ਜਿਹੜੇ ਚਾਰ ਚੰਦ ਲਗਾਏ ਹਨ, ਉਹ ਦ੍ਰਿਸ਼ ਦੇ ਇੱਕ ਝਲਕ ਮਾਤਰ ਦਰਸ਼ਨ।

ਹੇ ਰਵਿ ਹੇ ਸਸਿ ਹੇ ਕਰੁਨਾਨਿਧਿ
ਮੇਰੀ ਅਬੈ ਬਿਨਤੀ ਸੁਨਿ ਲੀਜੈ ॥ 
ਔਰ ਨ ਮਾਂਗਤ ਹਉ ਤੁਮ ਤੇ 
ਕਛੁ ਚਾਹਤ ਹੋਂ ਚਿਤ ਮੈਂ ਸੋਈ ਕੀਜੈ ॥ 
ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ 
ਜੂਝ ਮਰੋਂ ਤਊ ਸਾਚ ਪਤੀਜੈ ॥ 
ਸੰਤ ਸਹਾਇ ਸਦਾ ਜਗ ਮਾਇ 
ਕ੍ਰਿਪਾ ਕਰ ਸਯਾਮ ਇਹੈ ਬਰ ਦੀਜੈ ॥ 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦੇ ਪ੍ਰਤੀ ਫੁਰਮਾਉਂਦੇ ਹਨ- 

ਪਾਰਬ੍ਰਹਮ ਲਿਵ ਏਕੰ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 360

ਪਾਰਬ੍ਰਹਮ ਨਿਰਾ ਪਿਆਰ ਹੀ ਪਿਆਰ ਹੈ, ਨਿਰੋਲ ਪ੍ਰੇਮ ਹੈ, ਸੱਭ ਤੋਂ ਪਾਕ, ਸੱਭ ਤੋਂ ਪਵਿੱਤਰ, ਸੱਭ ਤੋਂ ਸ਼ੁਧ,ਪ੍ਰੇਮ ਹੀ ਪ੍ਰੇਮ ਹੈ। ਜਿਸ ਵਕਤ ਸਾਹਿਬ ਆਪਣਾ ਪਰਿਚੈ ਦਿੰਦੇ ਹਨ, ਹੁਣ ਇਸ ਪ੍ਰਕਾਸ਼ ਨੂੰ ਇਸਦਾ ਰੰਗ, ਇਸ ਕਲਿਯੁਗ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਉਹ ਭਰ ਰਹੇ ਹਨ, ਆਪਣਾ ਪਰਿਚੈ ਕਿਸ ਤਰ੍ਹਾਂ ਦੇ ਰਹੇ ਹਨ। 

ਨਾਨਕੁ ਨੀਚੁ ਕਹੈ ਵਿਚਾਰੁ ॥ 
ਵਾਰਿਆ ਨ ਜਾਵਾ ਏਕ ਵਾਰ ॥ 
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ 
ਤੂ ਸਦਾ ਸਲਾਮਤਿ ਨਿਰੰਕਾਰ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 4

ਜਿਸ ਨਿਮਰਤਾ ਤੇ ਗਰੀਬੀ ਵਿੱਚ ਆਪਣਾ ਪਰਿਚੈ ਦੇ ਰਹੇ ਹਨ ਫਿਰ ਉਹ ਪ੍ਰੇਮ ਦੇ ਬਾਰੇ ਜਦੋਂ ਸਪੱਸ਼ਟ ਕਰਦੇ ਹਨ। 

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥ 
ਇਤੁ ਮਾਰਗਿ ਪੈਰੁ ਧਰੀਜੈ ॥ 
ਸਿਰੁ ਦੀਜੈ ਕਾਣਿ ਨ ਕੀਜੈ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1412

ਉਹ ਪ੍ਰੇਮ ਹੈ, ਸਾਹਿਬ ਫੁਰਮਾਉਂਦੇ ਹਨ ਜੇ ਪ੍ਰੇਮ ਦੀ ਗਲੀ ਦੇ ਵਿੱਚ ਆਉਣਾ ਚਾਹੁੰਦਾ ਹੈਂ, ਜੇ ਪ੍ਰੇਮ ਦੇ ਰਸਤੇ ਤੇ ਆਉਣਾ ਚਾਹੁੰਦਾ ਹੈਂ ਤਾਂ ਫਿਰ ਆਪਣਾ ਸੀਸ ਤਲੀ ਤੇ ਧਰ ਕੇ ਆ ਜਾ। 

ਇਤੁ ਮਾਰਗਿ ਪੈਰੁ ਧਰੀਜੈ ॥ 
ਸਿਰ ਦੀਜੈ ਕਾਣਿ ਨ ਕੀਜੈ ॥ 

ਜਿਸ ਵਕਤ ਇਸ ਮਾਰਗ ਤੇ, ਇਸ ਧਰਮ ਦੇ ਉੱਤੇ, ਇਸ ਪ੍ਰਕਾਸ਼ ਵੱਲ ਤੁਰ ਪਿਆ ਹੈਂ ਤਾਂ ਫਿਰ ਆਪਣੇ ਸੀਸ ਦੇਣ ਦਾ, ਇਸ ਮਾਰਗ ਤੇ ਤੁਰਨ ਦਾ, ਨਿਰੰਕਾਰ ਦੇ ਪ੍ਰੇਮ ਵੱਲ ਤੁਰਨ ਦਾ ਕਿਤੇ ਥੋੜ੍ਹਾ ਜਿਹਾ ਮਾਣ ਨਾ ਕਰ ਲਈਂ, ਤਿੱਲ ਭਰ (ਲੇਸ ਮਾਤਰ) ਮਾਣ ਨਾ ਕਰ ਲਈਂ। ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-

ਹਰਿ ਭਗਤਿ ਹਰਿ ਕਾ ਪਿਆਰੁ ਹੈ
ਜੇ ਗੁਰਮੁਖਿ ਕਰੇ ਬੀਚਾਰੁ ॥ 
ਪਾਖੰਡਿ ਭਗਤਿ ਨ ਹੋਵਈ 
ਦੁਬਿਧਾ ਬੋਲੁ ਖੁਆਰੁ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 28

ਹਰੀ ਦੀ ਭਗਤੀ ਹਰੀ ਦਾ ਪ੍ਰੇਮ ਹੈ ਕਿਸੇ ਪਾਖੰਡ ਵਿੱਚ, ਦੁਬਿਧਾ ਵਿੱਚ, ਮੈਂ ਦੇ ਵਿੱਚ, ਇਹ ਭਗਤੀ, ਇਹ ਪਿਆਰ ਨਹੀਂ ਹੋ ਸਕਦਾ।

ਸਾਹਿਬ ਨੇ ਇਸ ਧਰਮ ਦੇ ਪ੍ਰਕਾਸ਼ ਦੇ ਵਿੱਚ ਜਿਹੜੀਆਂ ਚੀਜ਼ਾਂ ਸਪੱਸ਼ਟ ਕੀਤੀਆਂ ਹਨ-

ਪਹਿਲਾ ਉਹ ਨਿਰੋਲ ਪ੍ਰੇਮ ਹੈ ਅਤੇ ਪ੍ਰੇਮ ਦੇ ਨਾਲ ਹੀ ਉਸ ਵੱਲ ਤੁਰਿਆ ਜਾ ਸਕਦਾ ਹੈ, ਨਿਰੋਲ ਸ਼ੁਧ ਪ੍ਰੇਮ ਦੇ ਨਾਲ ਜਿਸਦੇ ਵਿੱਚ ਮੈਂ ਨਾ ਹੋਵੇ ਪ੍ਰੇਮ ਪਦਾਰਥ ਸਿਰਫ਼ ਸਤਿਗੁਰੂ ਤੋਂ ਹੀ ਮਿਲਦਾ ਹੈ। ਇਹ ਪ੍ਰੇਮ ਦਾ ਪ੍ਰਕਾਸ਼ ਜਿਹੜਾ ਦੁਨੀਆਂ ਤੇ ਅਸਰ ਕਰਦਾ ਹੈ ਪ੍ਰੇਮ ਪ੍ਰਕਾਸ਼ ਹੀ ਸੱਚੇ, ਸ਼ੁੱਧ ਪ੍ਰੇਮ ਦੀ ਪ੍ਰੇਰਨਾ ਦਿੰਦਾ ਹੈ। ਜਿਸ ਪ੍ਰੇਮ ਨੂੰ ਦੁਨੀਆਂ ਲਭਦੀ ਫਿਰਦੀ ਹੈ ਸੰਸਾਰ ਦੇ ਵਿੱਚ, ਮਾਇਆ ਦੇ ਵਿੱਚ, ਮਾਇਆ ਦੇ ਸੁੱਖਾਂ ਦੇ ਵਿੱਚ, ਆਪਣੇ ਪਰਿਵਾਰ ਵਿੱਚ ਸੰਸਾਰ ਦੇ ਪਦਾਰਥਾਂ ਵਿੱਚ। ਉਸ ਪ੍ਰੇਮ ਦਾ ਜਿਹੜਾ ਪ੍ਰਕਾਸ਼ ਹੈ, ਪ੍ਰੇਰਨਾ ਹੈ, ਜਿਹੜਾ ਉਹ ਚਾਨਣ ਮੁਨਾਰਾ ਹੈ ਉਹ ਇਹ ਪ੍ਰਕਾਸ਼ ਦੇ ਉਹ ਪ੍ਰੇਮ ਦੇ ਰੰਗ ਹਨ ਜਿਹੜੇ ਸਾਹਿਬ ਨੇ ਭਰੇ ਹੋਏ ਹਨ।
ਦੂਜੀ ਚੀਜ਼ ਸਪਸ਼ੱਟ ਕਰਦੇ ਹਨ ਕਿ ਅਤਿ ਨਿਮਰਤਾ ਅਤੇ ਗਰੀਬੀ ਵਿੱਚ ਹੀ, ਨੀਚਤਾ ਵਿੱਚ ਹੀ ਉਸਦੇ ਵੱਲ ਤੁਰਨਾ ਪੈਂਦਾ ਹੈ ਤਾਂ ਕਿ ਕਿਤੇ ਲੇਸ ਮਾਤਰ ਮਾਣ ਨਾ ਆ ਜਾਏ। 

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1102

ਸਿੱਖੀ ਧਰਮ ਜਿਹੜਾ ਇਸ ਅੰਧਕਾਰ ਜੁਗ ਦੇ ਵਿੱਚ ਆਪ ਨਿਰੰਕਾਰ ਨੇ ਸਤਿਗੁਰੂ ਦੇ ਸਰੂਪ ਵਿੱਚ ਪਰਚਲਿਤ ਕੀਤਾ ਹੈ ਇਹ ਸਿੱਖੀ ਪ੍ਰਕਾਸ਼ ਹੈ ਕੀ?

ਉਹ ਪ੍ਰੇਮ ਬੱਧਾ ਆਉਂਦਾ ਹੈ। ਤਰਸ ਅਤੇ ਦਯਾ ਨਾਲ ਭਰਿਆ ਹੋਇਆ ਸਾਨੂੰ ਇਸ ਕੈਦ ਵਿੱਚੋਂ ਨਿਜਾਤ (ਛੁਟਕਾਰਾ) ਦਿਵਾਉਣ ਵਾਸਤੇ, ਨਿਸਤਾਰਾ ਕਰਨ ਵਾਸਤੇ ਆਉਂਦਾ ਹੈ। ਕਿੰਨੀ ਕੁ ਦਇਆ ਅਤੇ ਤਰਸ ਉਸ ਪ੍ਰੇਮ ਦੇ ਵਿੱਚ ਹੈ ਜਿਸ ਦੇ ਵਿੱਚ ਉਹ ਬੱਧਾ ਆਉਂਦਾ ਹੈ। ਸਾਧ ਸੰਗਤ ਜੀ, 

ਗੁਰ ਪੂਰਾ ਨਿਰਵੈਰ ਹੈ ਨਿੰਦਕ ਦੋਖੀ ਬੇਮੁਖ ਤਾਰੇ ॥

ਭਾਈ ਗੁਰਦਾਸ ਜੀ

ਕੋਈ ਵੀ ਨਿਰੰਕਾਰ ਦਾ ਬੱਚਾ, ਉਸਦੇ ਵਾਸਤੇ ਪਰਾਇਆ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਹ ਪ੍ਰਕਾਸ਼ ਦਾ ਮਾਰਗ ਆਰੰਭ ਹੀ ਇਸ ਤਰ੍ਹਾਂ ਕੀਤਾ ਹੈ ਕਿ ਕਿੱਥੇ-ਕਿੱਥੇ ਜਾ ਕੇ ਸਾਹਿਬ ਨੇ ਵੱਡੇ ਤੋਂ ਵੱਡੇ ਪਾਪੀ ਤਾਰੇ ਹਨ ਸੱਭ ਨੂੰ ਬਖਸ਼ਦਾ ਗਿਆ ਹੈ ਕਿਸੇ ਦੇ ਪਾਪ ਪੁੰਨ ਨਹੀਂ ਚਿਤਾਰੇ, ਕਿਸੇ ਦੇ ਗੁਣ-ਅਵਗੁਣ ਨਹੀਂ ਚਿਤਾਰੇ ਤਰਸ ਅਤੇ ਦਇਆ ਨਾਲ ਭਰਿਆ ਹੋਇਆ, ਸੱਭ ਨੂੰ ਬਖਸ਼ਦਾ ਗਿਆ ਹੈ। ਇਹ ਪ੍ਰਕਾਸ਼ ਦਸੋ ਜੋਤਾਂ ਵਿੱਚ ਇਸੇ ਤਰਸ ਅਤੇ ਦਇਆ ਨਾਲ ਭਰਿਆ ਹੋਇਆ, ਜੋ ਕੁੱਝ ਇਸ ਵਿੱਚ ਰੰਗ ਭਰੇ ਹਨ ਉਸ ਵਿੱਚ ਦਇਆ ਅਤੇ ਤਰਸ ਵਾਲਾ ਰੰਗ ਝਲਕਾਂ ਮਾਰਦਾ ਹੈ, ਉਹ ਪ੍ਰਕਾਸ਼ ਝਲਕਾਂ ਮਾਰਦਾ ਹੈ। 

ਗੁਰੂ ਨਾਨਕ ਪਾਤਸ਼ਾਹ ਨਾਮ ਦੇ ਦਾਤੇ, ਨਾਮ ਦਾ ਛਿੱਟਾ ਸਾਰੇ ਸੰਸਾਰ ਤੇ ਦਿੱਤਾ ਹੈ, ਜਿਸ ਤਰ੍ਹਾਂ ਆਪਣਾ ਪਰਿਚੈ ਨਾਨਕ ਨੀਚ’ ਕਹਿ ਕੇ ਦੇ ਰਹੇ ਹਨ। ਇੱਕ ਵਾਰੀ ਨਹੀਂ ਬਲਕਿ ਕਈ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਨਾਮ ਦਾ ਦਾਤਾ ਹੋਰ ਕੀ ਕਹਿ ਰਿਹਾ ਹੈ - 

ਨਾਨਕੁ ਨੀਚੁ ਭਿਖਿਆ ਦਰਿ ਜਾਚੈ
ਮੈ ਦੀਜੈ ਨਾਮੁ ਵਡਾਈ ਹੇ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1021

ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ ਪੂਰੀ ਕਰ ਦਿੱਤੀ, ਆਖਰੀ ਸਲੋਕ ਮਹਲਾ ਪੰਜਵੇਂ ਵਿੱਚ ਕੀ ਫੁਰਮਾਉਂਦੇ ਹਨ?

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ 
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ 
ਤਰਸੁ ਪਇਆ ਮਿਹਰਾਮਤਿ ਹੋਈ 
ਸਤਿਗੁਰੁ ਸਜਣੁ ਮਿਲਿਆ ॥
ਨਾਨਕ ਨਾਮੁ ਮਿਲੈ ਤਾਂ ਜੀਵਾਂ 
ਤਨੁ ਮਨੁ ਥੀਵੈ ਹਰਿਆ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429

ਸੱਚੇ ਪਾਤਸ਼ਾਹ ਤੇਰੇ ਕੀਤੇ ਨੂੰ ਮੈਂ ਜਾਣ ਸਕਾਂ, ਮੇਰੇ ਵਿੱਚ ਇਹ ਯੋਗਤਾ ਹੈ? ਮੈਂ ਨਿਰਗੁਣ ਹਾਂ ਇੱਕ ਵੀ ਗੁਣ ਨਹੀਂ ਹੈ। ਤੂੰ ਮੇਰੇ ਤੇ ਮਹਾਨ ਤਰਸ ਕੀਤਾ ਹੈ, ਦਇਆ ਕੀਤੀ ਹੈ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਕੰਮਲ ਕਰਵਾ ਲਿਆ ਹੈ ਅਤੇ ਫਿਰ ਉਸੇ ਨਾਮ ਦੀ ਜੋਦੜੀ ਕਿਸ ਤਰ੍ਹਾਂ ਕਰ ਰਹੇ ਹਨ-

ਨਾਨਕ ਨਾਮੁ ਮਿਲੈ ਤਾਂ ਜੀਵਾਂ 
ਤਨੁ ਮਨੁ ਥੀਵੈ ਹਰਿਆ ॥ 

ਨਿਮਰਤਾ ਤੇ ਗਰੀਬੀ ਦਾ ਸਿਖਰ ਹੈ ਅਤੇ ਸਾਡੇ ਉੱਤੇ ਦਇਆ ਤੇ ਤਰਸ ਦਾ ਸਿਖਰ ਹੈ ਜੋ ਕੁੱਝ ਸਾਨੂੰ ਦੇ ਰਹੇ ਹਨ। 

ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਕੀਤਾ ਹੈ। ਸਾਧ ਸੰਗਤ ਜੀ ਸਾਡੇ ਵਾਸਤੇ ਸੱਭ ਕੁੱਝ ਕਰਕੇ, ਸਾਡੇ ਤੇ ਵਡਾ ਤਰਸ ਇਹ ਕਰਕੇ ਕਿ ਆਪਣੇ ਆਪ ਨੂੰ ਸਾਡੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਛੱਡ ਕੇ ਤੋਹਫ਼ਾ ਦੇ ਕੇ ਆਪ ਇੱਕ ਪਾਸੇ ਹੋ ਗਏ। ਪਰ ਹਰ ਵੇਲੇ ਉਹੀ ਤਰਸ ਅਤੇ ਦਇਆ ਦੇ ਨਾਲ ਸਾਨੂੰ ਨਿਵਾਜੀ ਜਾ ਰਹੇ ਹਨ ਅਤੇ ਰਹਿੰਦੀ ਦੁਨੀਆਂ ਤਕ ਨਿਵਾਜਦੇ ਰਹਿਣਗੇ, ਇਹ ਉਨ੍ਹਾਂ ਨੇ ਸਾਡੇ ਵਾਸਤੇ ਦਇਆ ਕੀਤੀ ਹੈ। 
ਸਾਧ ਸੰਗਤ ਜੀ ਇਹ ਧਰਮ, ਇਸੇ ਪ੍ਰੇਮ, ਨਿਮਰਤਾ ਗਰੀਬੀ, ਦਇਆ ਅਤੇ ਤਰਸ ਦੇ ਉਤੇ ਖੜ੍ਹਾ ਹੈ। 

ਗੁਰਮੁੱਖ, ਜਿਸਦਾ ਮੁੱਖ ਗੁਰੂ ਵੱਲ ਹੋਵੇ, ਮਨਮੁੱਖ ਜਿਹੜਾ ਆਪਣੇ ਮਨ ਪਿੱਛੇ ਤੁਰਦਾ ਹੈ। ਸਾਧ ਸੰਗਤ ਜੀ ਜਿਸਦਾ ਮੁੱਖ ਗੁਰੂ ਵੱਲ ਹੈ, ਜਿਹੜਾ ਗੁਰੂ ਵੱਲ ਤੁਰਦਾ ਹੈ, ਗੁਰੂ ਦੀ ਸੋਚ ਵਿੱਚ ਹੈ ਉਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਇੱਕ ਫੁਰਮਾਣ ਦੇ ਰਹੇ ਹਨ-

ਸਦਾ ਰਹੈ ਨਿਹਕਾਮ ਜੇ ਗੁਰਮਤਿ ਪਾਈਐ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 752

ਇਹ ਸ਼ਬਦ, ਇਹ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਾ, ਮਹਾਨ ਬਾਬਾ ਨੰਦ ਸਿੰਘ ਸਾਹਿਬ ਦੇ ਤੇਰ੍ਹਾਂ ਨੇਮਾਂ ਦੇ ਪ੍ਰਕਾਸ਼ ਦੇ ਵਿੱਚ ਇਹ ਸੱਭ ਤੋਂ ਅੱਗੇ ਖੜੋਤਾ ਹੈ। ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਸੁਆਸ-ਸੁਆਸ, ਰੋਮ-ਰੋਮ ਵਿੱਚ ਨਿਸ਼ਕਾਮਤਾ ਸਮਾਈ ਹੋਈ ਸੀ। 

ਇੰਨੇ ਮਾਸੂਮ ਸਾਹਿਬਜ਼ਾਦੇ ਉਨ੍ਹਾਂ ਦੀ ਇੱਕ ਵੀ ਕਾਮਨਾ ਸੀ? ਕਿੰਨੇ ਇੱਛਿਆ ਰਹਿਤ ਸਨ? ਇੱਕ ਵੀ ਫੁਰਨਾ ਸੀ ਉਨ੍ਹਾਂ ਦਾ? ਉਨ੍ਹਾਂ ਨੇ ਇੱਕ ਵੀ ਅਰਦਾਸ ਕੀਤੀ, ਕੋਈ ਬੇਨਤੀ ਕੀਤੀ? ਕੋਈ ਜੋਦੜੀ ਕੀਤੀ ਉਨ੍ਹਾਂ ਆਪਣੇ ਵਾਸਤੇ? ਕੋਈ ਸ਼ਕਤੀ ਦਾ ਇਸਤੇਮਾਲ ਕੀਤਾ? ਗੁਰੂ ਘਰ ਵਿੱਚ ਸ਼ਕਤੀ ਇਸਤੇਮਾਲ ਕਰਨਾ ਮਨ੍ਹਾਂ ਹੈ। ਸਾਧ ਸੰਗਤ ਜੀ ਸ਼ਕਤੀ ਗੁਰੂ ਦੇ, ਸਾਹਿਬ ਦੇ ਚਰਨਾਂ ਵਿੱਚ ਰੁਲਦੀ ਫਿਰਦੀ ਹੈ। ਸਾਹਿਬ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਰੁਲਦੀ ਫਿਰਦੀ ਹੈ। ਤੁਸੀਂ ਤਵਾਰੀਖ ਤੋਂ ਵਾਕਫ਼ ਹੋ ਬਾਬਾ ਅਟਲ ਜੀ, ਬਾਬਾ ਗੁਰਦਿੱਤਾ ਜੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਥੋੜ੍ਹੀ ਜਿਹੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਤਾਂ ਦੋਨੋਂ ਸਾਹਿਬਜ਼ਾਦਿਆਂ ਨੇ ਜਾਕੇ ਕਿਸ ਤਰ੍ਹਾਂ ਸਮਾਧੀ ਲਗਾਈ ਹੈ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਹਨ। 

ਸਾਧ ਸੰਗਤ ਜੀ ਸਾਹਿਬਜ਼ਾਦਿਆਂ ਨੇ ਕੋਈ ਸ਼ਕਤੀ ਦਾ ਇਸਤੇਮਾਲ ਕੀਤਾ? ਉਹ ਮਹਾਨ ਪ੍ਰਕਾਸ਼, ਉਹ ਚਿਨ੍ਹਾਂ ਤੇ ਚਲਦੇ ਹੋਏ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਇਸ ਫੁਰਮਾਣ ਨੂੰ ਕਿਸ ਤਰ੍ਹਾਂ ਪ੍ਰਕਾਸ਼ਿਤ ਕਰਦੇ ਹਨ। 
ਸਾਹਿਬ ਨੇ, ਸੱਚੇ ਪਾਤਸ਼ਾਹ ਨੇ ਸਾਡੇ ਨਿਸਤਾਰੇ ਵਾਸਤੇ ਇਸ ਸੰਸਾਰ ਦੇ, ਇਸ ਜੁੱਗ ਦੇ ਨਿਸਤਾਰੇ ਵਾਸਤੇ, ਰਹਿੰਦੀ ਦੁਨੀਆਂ ਤਕ ਆਪਣੇ ਉੱਤੇ ਲੈਕੇ ਕਿਹੜੇ-ਕਿਹੜੇ ਖੇਡ, ਖੇਡੇ ਹਨ। ਕਿਹੜੇ ਸਾਧਨ ਉਨ੍ਹਾਂ ਨੇ ਵਰਤੇ ਹਨ, ਕਿਹੜੇ ਰੰਗ ਉਨ੍ਹਾਂ ਨੇ ਆਪ ਭਰੇ ਹਨ ਸਾਧ ਸੰਗਤ ਜੀ ਕਮਾਲ ਹੈ, ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 579

ਸਾਰਾ ਸੰਸਾਰ ਰੋਦਾਂ ਹੈ, ਇਸ ਮੈਂ ਮੇਰੀ ਦੇ ਰੰਗ ਵਿੱਚ ਰੋਦਾਂ ਹੈ। ਆਪਣੇ ਪਰਿਵਾਰ ਦੀ ਖਾਤਰ, ਜਿਹੜਾ ਵੀ ਮੈਂ ਮੇਰੀ ਨੂੰ ਧੱਕਾ ਲਗਦਾ ਹੈ ਬੜਾ ਰੋਦਾਂ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਸਾਰਾ ਹੀ ਸੰਸਾਰ ਇਹ ਵਿਸ਼ੇ ਵਿਕਾਰਾਂ ਵਿੱਚ ਆਪਣਾ ਜਨਮ ਨਸ਼ਟ ਕਰੀ ਜਾਂਦਾ ਹੈ। ਪਰ ਸਾਹਿਬ ਤਰੀਕਾ ਦਸਦੇ ਹਨ, ਸਤਿਗੁਰੂ ਦੀ ਖਾਤਰ ਜੇ ਕਿਤੇ ਉਸਦੇ ਪਿਆਰ ਵਿੱਚ ਰੋਵੇ ਉਹੀ ਸਿਰਫ਼ ਲੇਖੇ ਵਿੱਚ ਹੈ। ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ ਇਹ ਜਿਹੜਾ ਉਸਦੇ ਪਿਆਰ ਵਿੱਚ ਰੋਣਾ ਹੈ, ਉਸਦੇ ਪਿਆਰ ਵਿੱਚ ਵੈਰਾਗ ਕਰਨਾ ਹੈ ਸਾਧ ਸੰਗਤ ਜੀ ਇਹ ਸਾਡੇ ਹਿਰਦੇ ਨੂੰ ਸਾਡੇ ਮਨ ਨੂੰ...

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ 
ਕਾਲਾ ਹੋਆ ਸਿਆਹੁ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 656

...ਉਸ ਮੈਲ ਨੂੰ, ਉਸ ਕਾਲਖ ਨੂੰ ਧੋ ਦਿੰਦਾ ਹੈ। ਜਿਸ ਵਕਤ ਵੀ ਨਿਮਰਤਾ ਤੇ ਗਰੀਬੀ ਵਿੱਚ, ਪਸ਼ਚਾਤਾਪ ਦੇ ਵਿੱਚ ਆਪਣੇ ਗੁਨਾਹਾਂ, ਪਾਪਾਂ, ਭੁੱਲਾਂ ਨੂੰ ਯਾਦ ਕਰਕੇ ਰੋਦਾਂ ਹੈ, ਇਹ ਇਸ ਤਰ੍ਹਾਂ ਦਾ ਅਸਰ ਕਰਦਾ ਹੈ ਕਿ ਧਰਮਰਾਜ ਦੇ ਪਾਸ ਜੋ ਪ੍ਰਾਣੀ ਦਾ ਖਾਤਾ ਹੈ ਉਸ ਖਾਤੇ ਵਿੱਚ ਕਾਲ ਪੈ ਜਾਂਦਾ ਹੈ, ਬਿਲਕੁੱਲ ਹੀ ਸਾਫ਼ ਕਰ ਦਿੰਦਾ ਹੈ। 

ਸਾਧ ਸੰਗਤ ਜੀ ਐਸਾ ਖੇਡ ਖੇਡਿਆ ਹੈ ਸਾਹਿਬਜ਼ਾਦਿਆਂ ਨੇ ਕਮਾਲ ਕਰ ਦਿੱਤੀ ਹੈ। ਇਹ ਜਿਹੜਾ ਵੀ ਇਸ ਪਾਸੇ ਥੋੜ੍ਹਾ ਜਿਹਾ ਵੀ ਧਿਆਨ ਧਰਦਾ ਹੈ ਇਸ ਖੇਡ ਦੀ, ਇਸ ਸਾਧਨ ਦੀ ਉਹ ਮਿਕਨਾਤੀਸੀ ਤਾਕਤ, ਉਹ Magnetic Power ਉਸ ਵੇਲੇ ਖਿੱਚ ਲੈਂਦੀ ਹੈ। ਜੋ ਕੁੱਝ ਸਾਹਿਬ ਨੇ ਆਪਣੇ ਉੱਤੇ ਲੈ ਕੇ ਵਰਤਿਆ ਹੈ ਉਸ ਚੀਜ਼ ਨੂੰ ਯਾਦ ਕਰਕੇ ਜਿਹੜਾ ਇਨਸਾਨ ਰੋਦਾਂ ਹੈ ਸਾਧ ਸੰਗਤ ਜੀ ਉਹ ਇਨਸਾਨ ਇਸ ਵਿਨਾਸ਼ ਵਿੱਚੋਂ ਨਿਕਲ ਕੇ ਉਸ ਅਭਿਨਾਸ਼ੀ ਦੇ ਪਿਆਰ ਵਿੱਚ ਚਲਾ ਜਾਂਦਾ ਹੈ, ਉਸ ਪ੍ਰਕਾਸ਼ ਦੇ ਵਿੱਚ ਚਲਾ ਜਾਂਦਾ ਹੈ। 

ਇਸ ਅੰਧਕਾਰ ਜੁਗ ਦੇ ਵਿੱਚ ਜੋ ਰੰਗ ਸਾਹਿਬ ਨੇ ਪ੍ਰਕਾਸ਼ ਵਿੱਚ ਭਰੇ ਹਨ, ਇਸ ਧਰਮ ਦੇ ਪ੍ਰਕਾਸ਼ ਵਿੱਚ, ਇਸ ਸਮੇਂ ਦੇ ਪ੍ਰਕਾਸ਼ ਵਿੱਚ ਸਾਹਿਬ ਨੇ ਭਰੇ ਹਨ, ਕਿਤੇ ਆਪਾਂ ਭੁੱਲ ਨਾ ਜਾਈਏ ਕਿ ਪੂਜਿਆ ਮਾਤਾ ਗੁਜਰੀ ਜੀ ਨੇ ਉਨ੍ਹਾਂ ਵਿੱਚ ਕਿਹੜਾ ਰੰਗ ਭਰਿਆ ਹੈ। ਉਹ ਮਾਤਾ ਗੁਜਰੀ ਜੀ ਸਨ ਜਿਨ੍ਹਾਂ ਨੇ ਖਿੱੜੇ ਮੱਥੇ ਆਪਣੇ ਸਰਤਾਜ ਨਿਰੰਕਾਰ ਸਰੂਪ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਹਾਨ ਬਲੀਦਾਨ ਵਾਸਤੇ ਵਿਦਾ ਕੀਤਾ ਹੈ। ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਬਾਲਕ ਅਵੱਸਥਾ ਦੇ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਜਵਾਬ ਦਿੰਦੇ ਹੋਏ ਫ਼ੁਰਮਾਇਆ ਸੀ ਕਿ ਸੱਚੇ ਪਾਤਸ਼ਾਹ ਜੇ ਇੱਕ ਮਹਾਪੁਰਸ਼ ਦੇ ਮਹਾਨ ਬਲੀਦਾਨ ਦੀ ਲੋੜ ਹੈ ਤੇ ਆਪ ਨਾਲੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ। ਉਸ ਖਿੱੜੇ ਮੱਥੇ ਨਾਲ ਵਿਦਾ ਕਰਕੇ ਪੂਜਿਆ ਮਾਤਾ ਗੁਜਰੀ ਜੀ ਨੇ ਆਪਣੇ ਨਿਰੰਕਾਰ ਸਰੂਪ ਪੁੱਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਸੀਨੇ ਨਾਲ ਲਗਾ ਲਿਆ। ਸਾਧ ਸੰਗਤ ਜੀ ਉਹੀ ਜਗਤ ਮਾਤਾ ਕਿਹੜੇ ਰੰਗ ਭਰ ਰਹੀ ਹੈ! ਜਿਸ ਵਕਤ ਉਸ ਠੰਡੇ ਬੁਰਜ ਦੇ ਵਿੱਚ ਫ਼ਤਹਿਗੜ੍ਹ ਸਾਹਿਬ ਕੈਦ ਹਨ। ਜਿਹੜੀ ਸਿੱਖਿਆ ਮਾਤਾ ਗੁਜਰੀ ਜੀ ਦਿੰਦੇ ਰਹੇ ਹਨ, ਜਿਹੜਾ ਪ੍ਰਕਾਸ਼ ਆਪਣੇ ਹੀ ਪੋਤਰਿਆਂ (ਸਾਹਿਬਜ਼ਾਦਿਆਂ) ਦੇ ਵਿੱਚ ਵੰਡਦੇ ਰਹੇ ਹਨ? ਕਿਹੜੀ ਸਿੱਖਿਆ ਦਿੱਤੀ ਹੈ ਉਨ੍ਹਾਂ ਨੇ ਉਸ ਵੇਲੇ। ਉਹ ਦੋਵੇਂ ਸਾਹਿਬਜ਼ਾਦੇ ਇੰਨੇ ਕੋਮਲ, ਇੰਨੇ ਲਾਡਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਤੇ ਇੰਨੇ ਪਿਆਰੇ ਲਾਡਲੇ ਮਾਤਾ ਗੁਜਰੀ ਜੀ ਦੇ ਫਿਰ ਜਿਸ ਖਿੱੜੇ ਮੱਥੇ ਨਾਲ ਉਨ੍ਹਾਂ ਨੂੰ ਤਿਆਰ ਕਰਕੇ ਮਹਾਨ ਬਲੀਦਾਨ ਵਾਸਤੇ ਤੋਰਿਆ ਹੈ। 

ਸਾਧ ਸੰਗਤ ਜੀ ਜਗਤ ਮਾਤਾ ਨੇ ਅਤਿ ਕਰ ਦਿੱਤੀ ਹੈ ਉਸ ਰੰਗ ਦੀ ਜੋ ਪ੍ਰਕਾਸ਼ ਦੇ ਵਿੱਚ ਭਰਿਆ ਹੈ। ਜਿਸ ਵਕਤ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਸਰਬੰਸ ਸਮੇਤ ਇੱਕ ਪੂਰਨ ਪ੍ਰਕਾਸ਼ਮਈ ਰੰਗ ਭਰ ਰਹੇ ਹਨ ਉਸ ਵੇਲੇ ਜਗਤ ਮਾਤਾ, ਪੂਜਿਆ ਮਾਤਾ ਗੁਜਰੀ ਜੀ ਜਿਸ ਤਰ੍ਹਾਂ ਉਸ ਖੇਡ ਦੇ ਵਿੱਚ ਉਹ ਪ੍ਰਕਾਸ਼ ਭਰ ਗਏ ਹਨ। ਉਹ ਪ੍ਰਕਾਸ਼ ਜਿਸ ਤਰ੍ਹਾਂ ਦਾ ਇਸ ਜੁਗ ਦੇ ਵਿੱਚ ਭਰਿਆ ਹੈ ਉਸ ਤਰ੍ਹਾਂ ਦਾ ਪ੍ਰਕਾਸ਼ ਪਹਿਲੇ ਕਿਧਰੇ ਨਜ਼ਰ ਨਹੀਂ ਆਉਂਦਾ ਕਿਉਂਕਿ ਜਗਤ ਮਾਤਾ ਇੱਕ ਵਿਲੱਖਣ ਹੀ ਪ੍ਰਕਾਸ਼ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਲਾਡ ਲਡਾ ਰਹੀ ਹੈ ਅਤੇ ਜਿਸ ਤਰ੍ਹਾਂ ਹੁਣ ਲਾਡ ਲਡਾ ਰਹੀ ਹੈ ਉਸੇ ਤਰ੍ਹਾਂ ਉਹ ਆਪਣੇ ਸਾਰੇ ਬੱਚਿਆਂ ਦੇ ਕਿਉਂਕਿ ਜਗਤ ਮਾਤਾ ਸਾਰੇ ਬੱਚਿਆਂ ਦੀ ਮਾਤਾ ਹੈ ਅਤੇ ਉਹ ਲਾਡ ਲਡਾਇਆ ਹੀ ਨਹੀਂ ਹੈ ਬਲਕਿ ਰਹਿੰਦੀ ਦੁਨੀਆਂ ਤਕ ਇਹ ਲਾਡ ਹਮੇਸ਼ਾ ਹੀ ਲਡਾਉਂਦੀ ਰਹੇਗੀ। ਜੋ ਸਿੱਖਿਆ ਉਹ ਇਸ ਲਾਡ ਵਿੱਚ ਦੇ ਗਈ ਹੈ ਉਸ ਸਿੱਖਿਆ ਦਾ ਪ੍ਰਕਾਸ਼ ਹਮੇਸ਼ਾ ਹੀ ਸੂਰਜ ਵਾਕਨ ਚਮਕਦਾ ਰਹੇਗਾ। 
ਸਾਧ ਸੰਗਤ ਜੀ ਇਹ ਨਿਰੰਕਾਰ ਦਾ ਪ੍ਰਕਾਸ਼ ਜਿਸ ਦੇ ਵਿੱਚ ਇਹ ਰੰਗ ਭਰ ਕੇ ਗਏ ਹਨ ਅਤੇ ਜਿਸ ਤਰ੍ਹਾਂ ਆਪਣੇ ਸਾਰੇ ਬੱਚਿਆਂ ਨਾਲ ਲਾਡ ਲਡਾ ਗਏ ਹਨ। ਇਹ ਪ੍ਰਕਾਸ਼ ਜਿਹੜਾ ਥਿੱਰ ਹੈ, ਅਟਲ ਹੈ, ਅਭੰਗ ਹੈ, ਇਹ ਪ੍ਰੇਮ ਪ੍ਰਕਾਸ਼ ਜਿਸ ਦੇ ਵਿੱਚ ਉਹ ਲਾਡ ਲਡਾ ਕੇ ਗਏ ਹਨ ਇਹ ਸਦਾ ਹੀ ਸਾਡੇ ਨਾਲ ਲਾਡ ਲਡਾਉਂਦਾ ਰਹੇਗਾ। ਇਹ ਪ੍ਰਕਾਸ਼ ਜੁਗੋ ਜੁਗ ਅਟਲ ਹੈ, ਥਿਰ ਹੈ, ਅਭੰਗ ਹੈ ਅਖੰਡ ਹੈ, ਅਭਿਨਾਸ਼ੀ ਹੈ ਅਤੇ ਇਹ ਸਾਨੂੰ ਵਿਨਾਸ਼ੀਆਂ ਨੂੰ ਜਿਹੜੇ ਅਸੀ ਜੰਮਣ-ਮਰਣ ਦੀ ਕੈਦ ਵਿੱਚ ਫਸੇ ਹੋਏ ਹਾਂ, ਜੰਮਣ-ਮਰਣ ਦੇ ਚੱਕਰ ਵਿੱਚ ਫਸੇ ਹੋਏ ਹਾਂ ਇਹ ਸਾਨੂੰ ਕੱਢ ਕੇ ਉਹ ਜਿਹੜਾ ਪ੍ਰਕਾਸ਼ ਥਿਰ ਹੈ ਉਸਦੇ ਵਿੱਚ ਲੈ ਜਾਏਗਾ।

ਦੂਰੋਂ ਦੂਰੋਂ ਸੰਗਤਾਂ ਮਨੋ ਵਰਸਾਈਆਂ ਜਾਦੀਆਂ ॥
ਪ੍ਰੇਮ ਦੇ ਨਾਲ ਕਿਵੇਂ ਗੀਤ ਰੂਹਾਂ ਗਾਉਂਦੀਆਂ ॥ 
ਪ੍ਰੇਮ ਵਾਲੇ ਰੰਗ ਵਿੱਚ ਕਿਵੇਂ ਮਨ ਰੰਗਦਾ ॥ 
ਪ੍ਰੇਮ ਵਾਲਾ ਰਾਹ ਕਲਗੀਆਂ ਵਾਲਾ ਜਿੱਥੇ ਦਸਦਾ ॥ 
ਮੈਂ ਵਾਰੇ ਜਾਵਾਂ, ਮੈਂ ਸਦਕੇ ਜਾਵਾਂ ॥ 
ਤੇਰੇ ਚਰਨਾਂ ਤੋਂ ਕਲਗੀਧਰ ਮੈਂ ਬਲਿਹਾਰੇ ਜਾਵਾਂ ॥ 
ਤੇਰੇ ਰੰਗਾਂ ਤੋਂ ਕਲਗੀਧਰ ਮੈਂ ਵਾਰੇ ਜਾਵਾਂ ॥ 
ਮੈਂ ਵਾਰੇ ਜਾਵਾਂ, ਮੈਂ ਸਦਕੇ ਜਾਵਾਂ ॥
ਮੈਂ ਵਾਰੇ ਜਾਵਾਂ ਮੈਂ ਸਦਕੇ ਜਾਵਾਂ, ॥
ਤੇਰੇ ਚਰਨਾਂ ਤੋਂ ਕਲਗੀਧਰ ਮੈਂ ਵਾਰੇ ਜਾਵਾਂ ॥
ਤੇਰੇ ਸਾਹਿਬਜ਼ਾਦਿਆਂ ਤੋਂ ਕੁਰਬਾਨ ਜਾਵਾਂ ॥
ਮੈਂ ਵਾਰੇ ਜਾਵਾਂ ਮੈਂ ਸਦਕੇ ਜਾਵਾਂ ॥

ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅਰਦਾਸ ਕਰ ਰਹੇ ਹਨ- 

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ 
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 853

ਸਾਰਿਆਂ ਵਾਸਤੇ ਅਰਦਾਸ ਕਰ ਰਹੇ ਹਨ ਕਿ ਹੇ ਸੱਚੇ ਪਾਤਸ਼ਾਹ ਇਹ ਸੜਦੇ ਬਲਦੇ ਸੰਸਾਰ ਨੂੰ ਰੱਖ ਲਉ। ਉਸਨੂੰ ਰਖਣ ਵਾਸਤੇ ਪੰਜਵੇਂ ਸਰੂਪ ਵਿੱਚ ਪੰਜਵੇਂ ਗੁਰੂ ਨਾਨਕ ਆਪ ਹੀ ਅੱਗ ਵਿੱਚ ਆਸਨ ਲਾ ਲੈਂਦੇ ਹਨ। ਉਹ ਮਹਾਨ ਪੂਰਨੇ, ਇਸ ਪ੍ਰਕਾਸ਼ਮਈ ਧਰਮ ਦੇ ਪੂਰਨੇ, ਕਿਹੜੇ ਰੰਗ ਭਰ ਰਹੇ ਹਨ, ਸਾਧ ਸੰਗਤ ਜੀ ਕਿੰਨੀ ’ਕੁ ਦਯਾ ਅਤੇ ਤਰਸ ਨਾਲ ਭਰੇ ਹੋਏ ਹਨ। 

ਨਾਨਕ ਸਾਹਿਬੁ ਸਦਾ ਦਇਆਲੁ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 268

ਉਹ ਦਇਆਲ ਸਤਿਗੁਰੂ, ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਤਸ਼ਰੀਫ ਰੱਖਦੇ ਹਨ। ਕਿੰਨੀ ਮਾਸੂਮਿਅਤ ‘ਚ ਹਨ, ਕੀ ਆਯੂ ਹੈ ਜਿਸ ਵਕਤ ਦਿੱਲੀ ਭੱਜੀ ਹੈ ਉਨ੍ਹਾਂ ਦੇ ਚਰਨਾਂ ਵਿੱਚ, ਉਨ੍ਹਾਂ ਨੇ ਸੱਭ ਦਾ ਕਸ਼ਟ, 

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ 
ਇਹੁ ਬਿਰਦੁ ਸੁਆਮੀ ਸੰਦਾ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 544

ਆਪਣੇ ਉਤੇ ਲੈਕੇ ਭੁਗਤਾਨ ਕਰ ਦਿੱਤਾ। ਜਦੋਂ 500 ਪਡਿੰਤ, ਪਡਿੰਤ ਕਿਰਪਾਰਾਮ ਦੀ ਅਗਵਾਈ ਹੇਠ ਸਾਹਿਬ ਦੇ ਚਰਨਾਂ ਵਿੱਚ ਪੇਸ਼ ਹੁੰਦੇ ਹਨ ਤਾਂ ਉਸ ਵੇਲੇ ਮੇਰੇ ਸਾਹਿਬ ਦਸਮੇਸ਼ ਪਿਤਾ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਜੇ ਇੱਕ ਮਹਾਪੁਰਸ਼ ਦੇ ਬਲੀਦਾਨ ਦੀ ਲੋੜ ਤੇ ਆਪ ਨਾਲੋਂ ਵੱਡਾ  ਮਹਾਪੁਰਸ਼ ਕੌਣ ਹੋ ਸਕਦਾ ਹੈ। ਉਸ ਵੇਲੇ ਕਿੰਨਾ ਕੁ ਤਰਸ ਕੀਤਾ ਹੈ, ਕਿੰਨੀ ਕੁ ਦਯਾ ਕੀਤੀ ਹੈ! ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਸ਼ਹੀਦੀ ਖੂਨ ਦੇ ਨਾਲ ਧਰਮ ਦੇ ਆਲੇ ਦੁਆਲੇ ਇੱਕ ਰਾਮਕਾਰ ਖਿੱਚ ਦਿੱਤੀ ਹੈ। ਸਾਧ ਸੰਗਤ ਜੀ ਕੈਸੇ ਪੂਰਨੇ ਪਾ ਰਹੇ ਹਨ ਇਹ ਕਿਹੜੇ ਰੰਗ ਹਨ ਜਿਹੜੇ ਉਹ ਭਰ ਰਿਹਾ ਹੈ ਇਸ ਪ੍ਰਕਾਸ਼ ਦੀ ਡੋਰ ਵਿੱਚ। ਇਸ ਚਲਦੇ ਹੋਏ ਪ੍ਰਕਾਸ਼, ਜਿਹੜਾ ਇਸ ਸੰਸਾਰ ਦੇ ਨਾਲ ਚਲ ਰਿਹਾ ਹੈ ਅਤੇ ਕਲਜੁਗ ਦੇ ਸਮੇਂ ਵਿੱਚ ਗੁਰੂ ਨਾਨਕ ਕਿਹੜੇ ਰੰਗ ਭਰ ਰਿਹਾ ਹੈ। 

ਦਸਵੇਂ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਸਾਰਾ ਹੀ ਸਰਬੰਸ ਲੁਟਾ ਦਿੱਤਾ ਹੈ ਇਸ ਧਰਮ ਦੀ ਖ਼ਾਤਿਰ ਜਿਨ੍ਹਾਂ ਨੇ ਆਪਣੇ ਸਰਬੰਸ ਦੇ ਫੁੱਲਾਂ ਦੀ ਸੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ। ਮਾਸੂਮ ਸਾਹਿਬਜ਼ਾਦੇ ਇੱਕ ਐਸਾ ਮਜੀਠਾ ਰੰਗ ਭਰ ਗਏ ਹਨ ਅਜਿਹੇ ਪ੍ਰਕਾਸ਼ ਦੇ ਰੰਗ ਵਿੱਚ, ਪ੍ਰਕਾਸ਼ ਦੀ ਡੋਰ ਦੇ ਵਿੱਚ ਜਿਸਦੀ ਕੋਈ ਮਿਸਾਲ ਹੀ ਨਹੀਂ ਹੈ। ਐਸੀ ਬਚਿੱਤਰ ਲੀਲ੍ਹਾ, ਅਸਚਰਜ ਲੀਲ੍ਹਾ ਉਹ ਖੇਡ੍ਹ ਜਾਂਦੇ ਹਨ ਫਿਰ ਜਾ ਕਿੱਥੇ ਬਿਰਾਜਦੇ ਹਨ! ਨਿਰੰਕਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਪਾਵਨ ਗੋਦ ਦੇ ਵਿੱਚ ਜਾ ਬਿਰਾਜੇ ਹਨ। ਸਾਧ ਸੰਗਤ ਜੀ ਪੂਜਯ ਮਾਤਾ ਗੁਜਰੀ ਜੀ, ਜਗਤ ਮਾਤਾ ਜੀ ਉਸ ਵਿਸ਼ਾਲ ਗੋਦ ਦੇ ਵਿੱਚ ਬਿਰਾਜਦੇ ਹਨ, ਜਿੱਥੇ ਇਸ ਜਗਤ ਦੇ ਸਾਰੇ ਬੱਚਿਆਂ ਨੂੰ ਖੁੱਲ ਹੈ। ਜਿਹਦੇ ਵਾਸਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀਆਂ ਭੁਜਾਵਾਂ ਲੰਬੀਆਂ ਕਰਕੇ ਸੱਭ ਨੂੰ ਆਮੰਤਰਿਤ ਕਰ ਰਹੇ ਹਨ ਕਿ ਆਓ ਮੇਰੇ ਬੱਚਿਓ ਇਹ ਭੁਜਾਵਾਂ ਤੁਹਾਡਾ ਹੀ ਇੰਤਜ਼ਾਰ ਕਰ ਰਹੀਆਂ ਹਨ। ਉਸ ਭੁਜਾ ਦੇ ਵਿੱਚ ਉਸ ਗਲਵੱਕੜੀ ਦੇ ਵਿੱਚ ਅਗਰ ਦਰਸ਼ਨ ਹੁੰਦੇ ਹਨ ਤਾਂ ਇਹ ਮਾਸੂਮ ਸਾਹਿਬਜ਼ਾਦੇ ਆਪਣੇ ਹੀ ਨਿਰੰਕਾਰ ਪਿਤਾ ਨਾਲ ਸਿਮਟ ਕੇ ਬੈਠੇ ਹੋਏ ਹਨ। ਸਾਧ ਸੰਗਤ ਜੀ ਹੁਣ ਆਪ ਹੀ ਦੱਸੋ ਕਿ ਨਿਰੰਕਾਰ ਕਿੱਥੇ ਵਸਦਾ ਹੈ। 

ਸੁਣੋ ਮੇਰੇ ਵੀਰ ਜੀਓ ਨਿਰੰਕਾਰ ਕਿੱਥੇ ਵੱਸਦਾ ॥
ਪਿਤਾ ਦਸਮੇਸ਼ ਦਾ ਪਰਿਵਾਰ ਜਿੱਥੇ ਵਸਦਾ ॥

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥

 

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...