ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ਨਹੀਂ ਹਨ ਅਤੇ ਮਿਲਦੇ ਸੀਸ ਦੇ ਵੱਟੇ ਹਨ। -ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ

Humbly request you to share the message with all you know on the planet!

ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ਨਹੀਂ ਹਨ ਅਤੇ ਮਿਲਦੇ ਸੀਸ ਦੇ ਵੱਟੇ ਹਨ। -ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ

ਸਾਹਿਬ ਫੁਰਮਾਉਂਦੇ ਹਨ ਤਿੰਨ ਚੀਜ਼ਾਂ ਵਿਕਾਊ ਨਹੀਂ ਹਨ-

‘ਪ੍ਰੇਮ’ ਵਿਕਾਊ ਨਹੀਂ ਹੈ। ‘ਨਾਮ’ ਵਿਕਾਊ ਨਹੀਂ ਹੈ। ਜਿਹੜਾ ਸਾਹਿਬ ‘ਅੰਮ੍ਰਿਤ’ ਲੈ ਕੇ ਆਏ ਹਨ, ਜਿਸ ਦੀ ਵਰਖਾ ਉਨ੍ਹਾਂ ਨੇ ਕੀਤੀ ਹੈ ਉਹ ਵਿਕਾਊ ਨਹੀਂ ਹੈ।

ਇਸ ਦਾ ਮੁੱਲ ਕੀ ਹੈ? ਸਾਹਿਬ ਆਪ ਹੀ ਫੁਰਮਾਉਂਦੇ ਹਨ-

ਜਉ ਤਉ ਪ੍ਰੇਮ ਖੇਲਣ ਦਾ ਚਾਉ ॥ 
ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1412

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਇਸ ਪ੍ਰੇਮ ਦੇ ਮਾਰਗ ਉੱਤੇ ਪੈਰ ਰੱਖਣਾ ਹੀ, ਚਲਣਾ ਹੀ ਆਰੰਭ ਉਦੋਂ ਹੁੰਦਾ ਹੈ ਜਿਸ ਵਕਤ...। 

ਇਤੁ ਮਾਰਗਿ ਪੈਰੁ ਧਰੀਜੈ ॥ 
ਸਿਰੁ ਦੀਜੈ ਕਾਣਿ ਨ ਕੀਜੈ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1412

ਸੀਸ ਦੇ ਕੇ ਹੀ ਪ੍ਰੇਮ ਦਾ ਰਸਤਾ ਸ਼ੁਰੂ ਹੁੰਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਨਾਮ ਹੈ ਕੀ? ਇਹ ਕਿਹੜਾ ਸੌਦਾ ਹੈ? 
ਨਾਮ ਸਿਰ ਸਿਰ ਦਾ ਸੌਦਾ ਹੈ, ਨਾਮ ਸਿਰੇ ਦਾ ਸੌਦਾ ਹੈ ਇਹ ਸੀਸ ਦੇ ਵੱਟੇ ਮਿਲਦਾ ਹੈ।

ਅੰਮ੍ਰਿਤ, ਜੇਵਡੁ ਆਪਿ ਤੇਵਡੁ ਤੇਰੀ ਦਾਤਿ ॥ 

ਦਸਮੇਸ਼ ਪਿਤਾ ਨੇ ਬਖਸ਼ਿਸ਼ ਕੀਤੀ ਅੱਸੀ ਹਜ਼ਾਰ ਸੰਗਤ ਇਕੱਠੀ ਹੋਈ ਪਰ ਅੰਮ੍ਰਿਤ ਦਾ ਮੁੱਲ ਕੀ ਚੁਕਾਉਣਾ ਪਿਆ? ਅੰਮ੍ਰਿਤ ਦਾ ਮੁੱਲ ਪੰਜ ਪਿਆਰਿਆਂ ਨੇ ਸੀਸ ਦੇ ਕੇ ਚੁਕਾਇਆ ਹੈ। ਸਾਧ ਸੰਗਤ ਜੀ ਸੀਸ ਦੇ ਵੱਟੇ ਪ੍ਰੇਮ ਮਿਲਦਾ ਹੈ, ਸੀਸ ਦੇ ਵੱਟੇ ਨਾਮ ਮਿਲਦਾ ਹੈ ਅਤੇ ਸੀਸ ਦੇ ਵੱਟੇ ਹੀ ਅੰਮ੍ਰਿਤ ਮਿਲਦਾ ਹੈ। 

ਏਕ ਬੂੰਦ ਗੁਰਿ ਅੰਮ੍ਰਿਤ ਦੀਨੋ 
ਤਾ ਅਟਲੁ ਅਮਰੁ ਨ ਮੁਆ ॥ 
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ 
ਫਿਰਿ ਲੇਖਾ ਮੂਲਿ ਨ ਲਇਆ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-612

ਬਾਬਾ ਨੰਦ ਸਿੰਘ ਸਾਹਿਬ ਇੱਕ ਦਿਨ ਫ਼ੁਰਮਾਉਣ ਲੱਗੇ ਕਿ-

ਸਤਿਗੁਰੂ ਨੇ ਲੈਣਾ ਕੀ ਹੈ”? ਫਿਰ ਆਪ ਹੀ ਫੁਰਮਾਇਆ ਸਤਿਗੁਰੂ ਨੇ ਇਹ ਦੇਣ ਵਾਲੀ ‘ਮੈਂ’ ਲੈਣੀ ਹੈ ਕਿਹੜੀ ‘ਮੈਂ’ ਜਿਹੜੀ ਸੀਸ ਦੇ ਰਹੀ ਹੈ ਉਸ ‘ਮੈਂ’ ਨੂੰ ਲੈਣਾ ਹੈ। 

ਸਾਹਿਬ ਦੇ ਚਰਨਾਂ ਵਿੱਚ ਕੁੱਝ ਅਰਪਨ ਕਰਕੇ, ਸੀਸ ਅਰਪਣ ਕਰਕੇ ਅੱਗੇ ਕੀ ਕੁੱਝ ਦੇਣਾ ਪੈਂਦਾ ਹੈ। ਇਸਨੂੰ ਸਮਝਣ ਵਾਸਤੇ, ਇਹ ਮਾਰਗ ਕਿੰਨਾਂ ’ਕੁ ਲੰਬਾ ਹੈ, ਇਹ ਮਾਰਗ ਕਿੰਨਾ ’ਕੁ ਮੁਸ਼ਕਿਲ ਹੈ, ਕਿਉਂਕਿ ਹਰ ਇੱਕ ਜਣੇ ਪਾਸ ਇਹ ਦਾਤ ਨਹੀਂ ਹੈ। ਜੇ ਸੱਭ ਕੁੱਝ ਦੇ ਕੇ ਹੀ ਲੈਣਾ ਪੈਂਦਾ ਹੈ, ਆਪ ਸਾਹਿਬ ਨੇ ਕੀ ਕੁੱਝ ਦਿੱਤਾ, ਇਸ ਅੰਮ੍ਰਿਤ ਦਾ ਮੁੱਲ ਕਿਸ ਤਰ੍ਹਾਂ ਚੁਕਾਇਆ ਹੈ, ਸਾਹਿਬ ਇਸ ਦਾ ਮੁੱਲ ਕੀ ਦੱਸਦੇ ਹਨ?

ਦਸਮੇਸ਼ ਪਿਤਾ ਜੀ ਨੇ ਜਦੋਂ ਬਚਨ ਕੀਤਾ ਹੈ ਕੀ ਇੱਕ ਸੀਸ ਚਾਹੀਦਾ ਹੈ।

ਸਤਿਗੁਰ ਬਚਨ ਬਚਨ ਹੈ ਸਤਿਗੁਰ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1309

ਜਿਹੜਾ ਸਿੱਖ ਸਤਿਗੁਰੂ ਦੇ ਉਸ ਹੁਕਮ ਤੇ ਚੜ੍ਹ ਗਿਆ ਉਸ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ, ਫਿਰ ਗੁਰੂ ਸਾਹਿਬਾਨ ਇਸ ਅਮ੍ਰਿਤ ਦੇ ਬਾਰੇ ਆਪਣੀ ਪਾਵਨ ਬਾਣੀ ਵਿੱਚ ਕੀ ਫੁਰਮਾਉਂਦੇ ਹਨ।

ਗੁਰੁ ਸਾਗਰੁ ਅੰਮ੍ਰਿਤ ਸਰੁ 
ਜੋ ਇਛੇ ਸੋ ਫਲੁ ਪਾਏ ॥ 
ਨਾਮੁ ਪਦਾਰਥੁ ਅਮਰੁ ਹੈ 
ਹਿਰਦੈ ਮੰਨਿ ਵਸਾਏ ॥
ਗੁਰ ਸੇਵਾ ਸਦਾ ਸੁਖੁ ਹੈ 
ਜਿਸ ਨੋ ਹੁਕਮੁ ਮਨਾਏ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1012

ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ 
ਅਵਰੁ ਨ ਜਾਣਾ ਦੂਆ ਤੀਆ ॥
ਏਕੋ ਏਕੁ ਸੁ ਅਪਰ ਪਰੰਪਰੁ 
ਪਰਖਿ ਖਜਾਨੈ ਪਾਇਦਾ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1034

ਸਤਿਗੁਰੁ ਅੰਮ੍ਰਿਤ ਬਿਰਖੁ ਹੈ 
ਅੰਮ੍ਰਿਤ ਰਸਿ ਫਲਿਆ ॥
ਜਿਸੁ ਪਰਾਪਤਿ ਸੋ ਲਹੈ 
ਗੁਰ ਸਬਦੀ ਮਿਲਿਆ ॥ 
ਸਤਿਗੁਰ ਕੈ ਭਾਣੈ ਜੋ ਚਲੈ 
ਹਰਿ ਸੇਤੀ ਰਲਿਆ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1245

ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥ 
ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥ 
ਅੰਮ੍ਰਿਤ ਪੀ ਸਦਾ ਤ੍ਰਿਪਤਾਸੇ 
ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 119

ਸਤਿਗੁਰੁ ਧਰਤੀ ਧਰਮ ਹੈ 
ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਇ ॥ 
ਗੁਰਸਿਖੀ ਅੰਮ੍ਰਿਤੁ ਬੀਜਿਆ 
ਤਿਨ ਅੰਮ੍ਰਿਤ ਫਲੁ ਹਰਿ ਪਾਏ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 302

ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ 
ਤਾ ਅਟਲੁ ਅਮਰੁ ਨ ਮੁਆ ॥ 
ਭਗਤਿ ਭੰਡਾਰ ਗੁਰਿ ਨਾਨਕ ਕਉ 
ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 612

ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ-

ਸਿੱਖ ਨੇ ਗੁਰੂ ਨੂੰ ਦੇਣਾ ਹੀ ਦੇਣਾ ਹੈ ਜੇ ਅਜੇ ਲੈਣ ਦੇ ਵਿੱਚ ਹੈ ਤਾਂ ਜੁਦਾਈ ਹੈ।

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ 
ਹੁਕਮਿ ਮੰਨਿਐ ਪਾਈਐ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 918 

ਸਿੱਖ ਨੇ ਸੱਭ ਕੁੱਝ, ਜੋ ਗੁਰੂ ਦੀ ਅਮਾਨਤ ਹੈ, ਗੁਰੂ ਦੇ ਚਰਨਾਂ ਵਿੱਚ ਸੌਂਪਣੀ ਹੈ ਸੱਭ ਕੁੱਝ ਦੇਣਾ ਹੀ ਦੇਣਾ ਹੈ। ਜੇ ਅਜੇ ਲੈਣ ਵਿੱਚ ਹੈ ਤਾਂ ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਖੁਸ਼ੀ, ਗੁਰੂ ਦੀ ਪ੍ਰਾਪਤੀ ਬਹੁਤ ਦੂਰ ਹੈ। ਸਾਹਿਬ ਅੱਗੇ ਫੁਰਮਾਉਣ ਲੱਗੇ ਗੁਰੂ ਪਦਾਰਥਾਂ ਦਾ ਭੁੱਖਾ ਨਹੀਂ ਹੈ ਪਦਾਰਥ ਤਾਂ ਗੁਰੂ ਸਾਨੂੰ ਬਖਸ਼ਦਾ ਹੈ। ਉਹ ਪਦਾਰਥਾਂ ਦਾ ਭੁੱਖਾ ਨਹੀਂ ਹੈ, ਉਹ ਪ੍ਰੇਮ ਦਾ ਭੁੱਖਾ ਹੈ, ਭਾਵਨਾ ਦਾ ਭੁੱਖਾ ਹੈ, ਪਦਾਰਥਾਂ ਨਾਲ ਉਸਨੂੰ ਪ੍ਰਸੰਨ ਕਰਨਾ ਔਖਾ ਹੈ। ਉਸ ਨੂੰ, (ਗੁਰੂ ਨੂੰ) ਉਸਦੇ ਚਰਨਾਂ ਵਿੱਚ ਆਪਣੇ ਆਪ ਨੂੰ ਨਿਛਾਵਰ ਕਰਕੇ ਹੀ ਪ੍ਰਸੰਨ ਕੀਤਾ ਜਾ ਸਕਦਾ ਹੈ, ਸਾਹਿਬ ਇਹ ਪ੍ਰਕਾਸ਼ ਬਖਸ਼ ਰਹੇ ਹਨ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਵਕਤ ਇਹ ਦਾਤ ਬਖ਼ਸ਼ ਰਹੇ ਹਨ, ਉਸ ਵੇਲੇ ਉਨ੍ਹਾਂ ਨੇ ਕਿਹੜਾ ਪਰਚਾ ਪਾਇਆ? ਪ੍ਰੇਮ ਦਾ ਪਰਚਾ। 

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲਗੇ-

ਸਤਿਗੁਰੂ ਇੱਕੋ ਹੀ ਥਰਮਾਮੀਟਰ ਲਾਉਂਦਾ ਹੈ, ਉਸ ਦੇ ਵਿੱਚ ਇੱਕੋ ਹੀ ਪਾਰਾ ਚੜ੍ਹਦਾ ਹੈ, ਉਹ ਹੈ ਪ੍ਰੇਮ ਦਾ। ਸਤਿਗੁਰੂ ਕੋਈ ਹੋਰ ਚੀਜ਼ ਨਹੀਂ ਦੇਖਦਾ, ਸਿਰਫ਼ ਪ੍ਰੇਮ ਨੂੰ ਹੀ ਦੇਖਦਾ ਹੈ।

ਜਿਸ ਵਕਤ ਇਹ ਪਰਚਾ ਪਾਇਆ ਹੈ ਉਸ ਪ੍ਰੇਮ ਦੇ ਪਰਚੇ ਵਿੱਚ ਪੰਜ ਨਿੱਤਰੇ, ਸਾਧ ਸੰਗਤ ਜੀ!

ਜੇਵਡੁ ਆਪਿ ਤੇਵਡੁ ਤੇਰੀ ਦਾਤਿ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 9 

ਸਾਹਿਬ ਆਪ ਹੀ ਇਹ ਦਾਤ ਲੈ ਕੇ ਆਏ ਹਨ ਅਤੇ ਜੁਗਾਂ-ਜੁਗਾਂ ਵਿੱਚ ਇਸ ਕਲਿਜੁਗ ਵਿੱਚ ਆ ਕੇ ਐਸੀ ਅਨਮੋਲ ਦਾਤ ਬਖਸ਼ੀ ਹੈ ਜਿਸਨੂੰ ਪ੍ਰੇਮ ਅਤੇ ਨਾਮ ਦੇ ਨਾਲ ਇਕੋ ਜਿਹਾ ਅਨਮੋਲ ਦਰਜਾ ਬਖਸ਼ਿਆ ਹੈ।

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...