ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥
ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ - ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਲਿਜੁਗ ਵਿੱਚ ਤਸ਼ਰੀਫ਼ ਲਿਆਉਂਦੇ ਹਨ।
ਸਾਧ ਸੰਗਤ ਜੀ ਨਿਰੰਕਾਰ ਜਦੋਂ ਵੀ ਆਉਂਦਾ ਹੈ ਪ੍ਰੇਮ ਬੱਧਾ ਆਉਂਦਾ ਹੈ। ਅਸੀਂ ਸਾਰੇ ਕਰਮ ਬੱਧੇ ਆਪਣੇ ਕਰਮਾਂ ਨੂੰ ਭੋਗਣ ਵਾਸਤੇ ਆਉਂਦੇ ਹਾਂ। ਨਿਰੰਕਾਰ ਪ੍ਰੇਮ ਬੱਧਾ ਆਉਂਦਾ ਹੈ।
ਫਿਰ ਉਹ ਪ੍ਰੇਮ ਦੀ ਬਚਿੱਤਰ ਲੀਲ੍ਹਾ ਰਚਦਾ ਹੈ ਉਸ ਦੇ ਵਿੱਚ ਕਿਹੜੇ ਰੰਗ ਭਰਦਾ ਹੈ। ਬੜੀ ਅਸਚਰਜ ਗੱਲ ਹੈ ਜਦੋਂ ਪੰਜਵਾ ਗੁਰੂ ਨਾਨਕ ਅੱਗ ਦੇ ਵਿੱਚ ਆਸਣ ਲਾ ਲੈਂਦਾ ਹੈ।
ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਕਿ-
ਜਿਸ ਵਕਤ ਵੀ ਇਸ ਸੰਸਾਰ ਦੇ ਕਸ਼ਟ ਆਪਣੇ ਉੱਤੇ ਲੈ ਕੇ ਭੁਗਤਾਨ ਕਰਨਾ ਹੋਵੇ ਤਾਂ ਉਹ ਆਪ ਆ ਜਾਂਦਾ ਹੈ। ਸਾਧ ਸੰਗਤ ਜੀ ਆਪਣੇ ਉੱਤੇ ਲੈ ਕੇ ਕਿਸ ਤਰ੍ਹਾਂ ਭੁਗਤਾਨ ਕੀਤਾ ਹੈ। ਸਾਹਿਬ ਨੇ ਕੋਈ ਵਿੱਚਾਰਿਆ ਕਿਸ ਕੋਮਲ ਉਮਰ ਦੇ ਵਿੱਚ ਅੱਠਵੇਂ ਪਾਤਸ਼ਾਹ ਨੂੰ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਹਿ ਰਹੇ ਹਨ ਕਿ ਆਓ ਹੁਣ ਤੁਹਾਡੀ ਵਾਰੀ ਹੈ।
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ
ਇਹੁ ਬਿਰਦੁ ਸੁਆਮੀ ਸੰਦਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 544
ਗੁਰੂ ਨਾਨਕ ਦੀ ਸ਼ਰਨ ਦਾ ਪ੍ਰਕਾਸ਼ ਦੱਸ ਰਹੇ ਹਨ ਕਿ ਉਸ ਪ੍ਰਕਾਸ਼ ਦੇ ਵਿੱਚ, ਉਸ ਸ਼ਰਨ ਦੇ ਵਿੱਚ ਜਿਹੜਾ ਗੁਰੂ ਨਾਨਕ ਦੀ ਸ਼ਰਨ ‘ਚ ਆ ਜਾਂਦਾ ਹੈ। ਸਾਹਿਬ ਸ੍ਰੀ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਦਿੱਲੀ ਭੱਜੀ ਹੈ ਉਨ੍ਹਾਂ ਦੇ ਗੁਣ-ਅਵਗੁਣ ਚਿਤਾਰੇ? ਉਨ੍ਹਾ ਵੱਲ ਦੇਖਿਆ ਹੈ ਕਿ ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ ਉਨ੍ਹਾਂ ਦਾ ਧਰਮ ਦੇਖਿਆ ਕਿ ਇਹ ਕੌਣ ਹੈ? ਉਹ ਨਿਰੰਕਾਰ ਦਾ ਨੂਰ ਸੱਭ ਦਾ ਸਾਂਝਾ ਹੈ। ਗੁਰੂ ਨਾਨਕ ਨੇ ਉਸ ਵੇਲੇ ਕਿਸੇ ਦੇ ਗੁਣ, ਅਵਗੁਣ ਨਹੀਂ ਚਿਤਾਰੇ। ਗੁਰੂ ਨਾਨਕ ਨੇ ਸੱਭ ਦਾ ਕਸ਼ਟ ਆਪਣੇ ਉਤੇ ਲੈਕੇ ਉਸਦਾ ਭੁਗਤਾਨ ਕਰ ਦਿੱਤਾ।
ਬਾਬਾ ਨੰਦ ਸਿੰਘ ਸਾਹਿਬ ਨੇ ਇਹ ਫ਼ੁਰਮਾਇਆ ਕਿ-
ਉਹ ਜਿਸ ਵਕਤ ਆਉਂਦਾ ਹੈ ਉਹ ਦੂਜਿਆਂ ਦਾ ਕਸ਼ਟ ਆਪਣੇ ਉੱਤੇ ਲੈ ਕੇ ਭੁਗਤਾਨ ਕਰ ਦਿੰਦਾ ਹੈ।
ਸਾਧ ਸੰਗਤ ਜੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਜਿਸ ਤਰ੍ਹਾਂ ਫਿਰ ਆਏ ਹਨ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਨ ਸਰਬੰਸਦਾਨੀ ਉਸ ਵੇਲੇ ਨੌ ਸਾਲ ਦੀ ਆਯੂ ਵਿੱਚ ਕੀ ਫ਼ੁਰਮਾ ਰਹੇ ਹਨ?
ਫ਼ੁਰਮਾਉਂਦੇ ਹਨ ਕਿ-
ਅਗਰ ਉਪਾਇ ਹੀ ਬਲੀਦਾਨ ਹੈ ਅਤੇ ਜੇ ਇੱਕ ਮਹਾਂਪੁਰਸ਼ ਦੇ ਬਲੀਦਾਨ ਦੀ ਲੋੜ ਹੈ ਤਾਂ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਤੁਹਾਡੇ ਨਾਲੋਂ ਵੀ ਵੱਡਾ ਕੋਈ ਮਹਾਂਪੁਰਸ਼ ਹੋ ਸਕਦਾ ਹੈ?
ਉਸ ਵੇਲੇ ਨੌਵਾਂ ਗੁਰੂ ਨਾਨਕ ਕਿਸ ਤਰ੍ਹਾਂ ਇੱਕ ਧਰਮ ਦੇ ਆਲੇ ਦੁਆਲੇ ਆਪਣੇ ਸ਼ਹੀਦੀ ਖ਼ੂਨ ਨਾਲ ਰਾਮ- ਕਾਰ ਖਿੱਚ ਕੇ ਇੱਕ ਮਹਾਨ ਬਲੀਦਾਨ ਦੇ ਦਿੰਦਾ ਹੈ।
ਇਹ ਗੁਰੂ ਨਾਨਕ ਨੇ ਕੀ ਅਸਚਰਜ ਖੇਡ ਕੀਤਾ ਹੈ? ਕਿਹੜਾ ਅਸਚਰਜ ਰੰਗ ਭਰਨਾ ਸ਼ੁਰੂ ਕੀਤਾ ਹੈ? ਸਾਧ ਸੰਗਤ ਜੀ ਪ੍ਰੇਮ ਬੱਧਾ ਗੁਰੂ ਨਾਨਕ ਕਰ ਕੀ ਰਿਹਾ ਹੈ।
ਕਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠ ਸਾਲ ਦੀ ਆਯੂ ਵਿੱਚ ਉਹ ਕੀ ਖੇਡ ਵਰਤਾ ਰਹੇ ਹਨ। ਹੁਣ ਇਹ ਮਾਸੂਮ ਬੱਚੇ ਕੀ ਖੇਡ ਕਰ ਰਹੇ ਹਨ। ਜਦੋਂ ਬੱਚਿਆਂ ਨੂੰ ਕਿਹਾ ਆਓ ਬੱਚਿਓ ਹੁਣ ਤੁਹਾਡੀ ਵਾਰੀ ਹੈ। ਲੱਖਾਂ ਦੀ ਤਾਦਾਦ ਵਿੱਚ ਘਿਰੇ ਹੋਏ ਚਮਕੌਰ ਸਾਹਿਬ ਦੀ ਗੜ੍ਹੀ ਦੇ ਵਿੱਚ ਸਾਹਿਬ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਇਕੱਲੇ-ਇਕੱਲੇ ਤਿਆਰ ਕਰਦੇ ਹਨ। ਦੋਨਾਂ ਨੂੰ ਤਿਆਰ ਕਰਕੇ ਗਲੇ ਲਗਾ ਕੇ ਗਲਵੱਕੜੀ ਵਿੱਚ ਲੈ ਕੇ ਫ਼ੁਰਮਾਉਂਦੇ ਹਨ- ਆਓ ! ਹੁਣ ਤੁਹਾਡੀ ਵਾਰੀ ਹੈ। ਫਿਰ ਇਕੱਲੇ-ਇਕੱਲੇ ਨੂੰ ਜੂਝਨ ਵਾਸਤੇ ਕਿਸ ਤਰ੍ਹਾਂ ਭੇਜਦੇ ਹਨ। ਫਿਰ ਉਸ ਵੇਲੇ ਸ਼ਹੀਦੀ ਦੇ ਰੱਸ ਦੇ ਵਿੱਚ ਜਿਹੜਾ ਮਜੀਠਾ ਰੰਗ ਗੁਰੂ ਗੋਬਿੰਦ ਸਿੰਘ ਸਾਹਿਬ ਭਰ ਰਹੇ ਹਨ, ਕਮਾਲ ਹੀ ਕਮਾਲ ਹੈ। ਜੋ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਖੇਡ ਖੇਡਦੇ ਹਨ, ਉਹਦੇ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਖੇਡ ਖੇਡਦੇ ਹਨ। ਸਾਧ ਸੰਗਤ ਜੀ ਸਾਡੇ ਉੱਤੇ ਦਇਆ, ਤਰਸ ਕਰਕੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੀ ਝੋਲੀ ਵਿੱਚ ਕੀ ਪਾ ਰਹੇ ਹਨ?
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
