ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ - ਇਕੋ ਹੀ ਮਜ੍ਹਬ ਹੈ, ਉਹ ਹੈ ‘ਪ੍ਰੇਮ’
ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ - ਇਕੋ ਹੀ ਮਜ੍ਹਬ ਹੈ, ਉਹ ਹੈ ‘ਪ੍ਰੇਮ’
ਸਾਧ ਸੰਗਤ ਜੀ, ਅਸੀਂ ਉਸ ਪ੍ਰੇਮ ਨੂੰ ਅਨੁਭਵ ਨਹੀਂ ਕਰ ਸਕਦੇ ਕਿਉਂਕਿ ਉਹ ਗਿਆਨ ਇੰਦ੍ਰੀਆਂ ਤੋਂ ਬਹੁਤ ਉੱਚਾ ਹੈ, ਗਿਆਨ ਇੰਦ੍ਰੀਆਂ ਉਸ ਤਕ ਨਹੀਂ ਪਹੁੰਚ ਸਕਦੀਆਂ। ਉਹ ਅਗਮ-ਅਗੋਚਰ ਹੈ, ਉਹ ਪਹੁੰਚ ਹੈ।
ਤਾਂ ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਰਦੇ ਕੀ ਹਨ?
ਉਸ ਪਿਆਰ ਦੇ ਰੰਗ ਵਿੱਚ, ਉਸ ਪਿਆਰ ਦੀ ਅਮਰ ਗਾਥਾ ਵਿੱਚ ਜਿਨ੍ਹਾਂ ਨੇ ਵੀ ਉਹਦੇ ਨਾਲ ਪਿਆਰ ਕੀਤਾ ਹੈ, ਜਿਹੜੇ ਮੁਸਲਮਾਨ ਫਕੀਰਾਂ ਨੇ, ਦਰਵੇਸ਼ਾ ਨੇ ਅੱਲ੍ਹਾ ਦੇ ਨਾਲ ਪਾਕ ਮੁਹੱਬਤ ਕੀਤੀ ਹੈ, ਉਨ੍ਹਾਂ ਦਾ ਪ੍ਰੇਮ ਉਸੇ ਪ੍ਰੇਮ ‘ਚ ਸ਼ਾਮਿਲ ਕਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਪ੍ਰੇਮ ਲਿਸ਼ਕਾਰੇ ਮਾਰ ਰਿਹਾ ਹੈ। ਹਿੰਦੂ ਭਗਤਾਂ ਦਾ ਜਿਨ੍ਹਾਂ ਦੇ ਵਿੱਚ ਜਾਤ-ਪਾਤ ਦਾ ਖ਼ਿਆਲ ਨਹੀਂ ਹੈ, ਕੋਈ ਫਰਕ ਨਹੀਂ ਹੈ, ਕੋਈ ਉੱਚਾ ਨੀਵਾਂ ਨਹੀਂ ਹੈ, ਜਿਹੜੇ ਬ੍ਰਾਹਮਣ ਭਗਤ ਉਸ ਨੂੰ ‘ਪ੍ਰੇਮ’ ਕਰ ਰਹੇ ਹਨ, ਭਗਤ ਰਾਮਾਨੰਦ ਜੀ, ਭਗਤ ਜੈਦੇਵ ਜੀ, ਉਨ੍ਹਾਂ ਦੀ ਉਹ ਪ੍ਰੇਮ ਭਰੀ ਬਾਣੀ ਨੂੰ ਸ਼ਾਮਿਲ ਕੀਤਾ ਹੈ। ਉਸ ਪ੍ਰੇਮ ਸਰੋਵਰ ਵਿੱਚ, ਪ੍ਰੇਮ ਸਮੁੰਦਰ ਵਿੱਚ, ਉਸ ਅਕਾਲ ਪੁਰਖ ਦੀ ਬਾਣੀ ਵਿੱਚ, ਉਨ੍ਹਾਂ ਨੂੰ ਸ਼ਾਮਿਲ ਕੀਤਾ ਹੈ। ਜਿਹੜੇ ਨੀਵੀਂ ਜਾਤ ਵਾਲੇ ਹਨ, ਜਿਹੜੇ ਸ਼ੂਦਰ ਹਨ, ਸਾਹਿਬ ਉਨ੍ਹਾਂ ਦੇ ‘ਪ੍ਰੇਮ’ ਨੂੰ ਵੀ ਉਹੀ ਦਰਜਾ ਦਿੰਦੇ ਹਨ।
ਕਿਉਂਕਿ, ਸਾਧ ਸੰਗਤ ਜੀ, ਪ੍ਰੇਮ ਦੀ ਕੋਈ ਜਾਤ- ਪਾਤ ਨਹੀਂ। ਧਰਮ ਇੱਕੋ ਹੀ ਹੈ, ਮਜ਼੍ਹਬ ਇੱਕੋ ਹੀ ਹੈ ਅਤੇ ਉਹ ਹੈ ‘ਪ੍ਰੇਮ’, ਅਤੇ ‘ਪ੍ਰੇਮ’ ਉਹ ਆਪ ਹੈ ਤਾਂ ਸਾਧ ਸੰਗਤ ਜੀ ਜਿਹੜਾ ਉਹ ਆਪ ਅਪਹੁੰਚ ਹੈ, ਉਹ ਆਪ ਅਗਮ-ਅਗੋਚਰ ਹੈ, ਉਹ ਇਸ ਪ੍ਰੇਮ ਦੇ ਵੱਸ ਹੈ।
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 962
ਉਸ ਪ੍ਰੇਮ ਦਾ ਸਾਗਰ, ਉਸ ਦੀ ਰੂਪ-ਰੇਖਾ, ਉਸ ਦੀ ਅਮਰ-ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਉਸ ਪ੍ਰੇਮ ਦਾ ਧਰਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।
ਸਾਧ ਸੰਗਤ ਜੀ ਅੱਜ ਆਪਾਂ ਉਸ ਖ਼ਾਲਸੇ ਦਾ ਜਨਮ ਦਿਨ ਮਨਾ ਰਹੇ ਹਾਂ। ਆਓ! ਉਸ ਖਾਲਸੇ ਦੀ ਅਮਰ ਗਾਥਾ ਦਾ ਇੱਕ ਹੋਰ ਸੁਨਹਿਰੀ ਪੰਨਾ ਖੋਲ੍ਹ ਕੇ ਉਹਦੇ ਵੀ ਦਰਸ਼ਨ ਕਰ ਲਈਏ।
ਦਸਮੇਸ਼ ਪਿਤਾ ਮੇਰੇ ਸਾਹਿਬ ਸੰਦੇਸ਼ ਭੇਜਦੇ ਹਨ, ਸਾਰੀ ਸੰਗਤ ਨੂੰ ਬੁਲਾਉਂਦੇ ਹਨ, ਸਾਰੇ ਸਿੱਖ ਹਾਜ਼ਿਰ ਹੁੰਦੇ ਹਨ ‘ਅਨੰਦਪੁਰ ਸਾਹਿਬ’। ਅੱਸੀ ਹਜ਼ਾਰ ਸਿੱਖ ਹੈ, ਉਡੀਕ ਰਹੇ ਹਨ, ਸਤਿਗੁਰੂ ਦੀ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਦੇ ਹੁਕਮ ਦੀ ਇੰਤਜ਼ਾਰ ਕਰ ਰਹੇ ਹਨ।
ਸਤਿਗੁਰੂ ਬਾਹਰ ਤਸ਼ਰੀਫ ਲਿਆਉਂਦੇ ਹਨ, ਸਾਰੇ ਨਮਸਕਾਰ ਕਰਦੇ, ਮੱਥਾ ਟੇਕਦੇ ਹਨ। ਸਾਹਿਬ ਪੁੱਛਦੇ ਹਨ ਤੁਸੀਂ ਕੌਣ ਹੋ? ਗਰੀਬ ਨਿਵਾਜ਼ ਸਿੱਖ। ਕਿਸਦੇ ਸਿੱਖ? ਸੱਚੇ ਪਾਤਸ਼ਾਹ ਤੁਹਾਡੇ ਸਿੱਖ। ਅਸੀਂ ਕੌਣ ਹਾਂ? ਗਰੀਬ ਨਿਵਾਜ਼ ਸਾਡੇ ਗੁਰੂ। ਇਸ ਰਿਸ਼ਤੇ ਨੂੰ ਯਾਦ ਕਰਾਉਂਦੇ ਹੋਏ ਫਿਰ ਸਿੱਖ ਤੇ ਗੁਰੂ ਦੇ ਰਿਸ਼ਤੇ ਦਾ ਇੱਕ ਪਰਚਾ ਪਾਉਂਦੇ ਹਨ, ਇੱਕ ਇਮਤਿਹਾਨ ਲੈਂਦੇ ਹਨ। ਸਿੱਖ ਅਤੇ ਗੁਰੂ ਦਾ ਰਿਸ਼ਤਾ ਹੈ ਕੀ?
ਫੁਰਮਾਉਂਦੇ ਹਨ ਕਿ ਅੱਜ ਗੁਰੂ ਨੂੰ ਆਪਣੇ ਸਿੱਖਾਂ ਤੋਂ ਇੱਕ ਲੋੜ ਪੈ ਗਈ ਹੈ। ਸਾਰੇ ਉੱਠ ਕੇ ਖੜ੍ਹੇ ਹੋ ਗਏ, ਸੱਚੇ ਪਾਤਸ਼ਾਹ ਹੁਕਮ ਕਰੋ, ਅਸੀਂ ਹਾਜ਼ਰ ਹਾਂ। ਉਨ੍ਹਾਂ ਦੇ ਹੱਥ ਉੱਤੇ ਕਰਨ ਦੀ ਹੀ ਦੇਰ ਸੀ, ‘ਸ੍ਰੀ ਸਾਹਿਬ’ (ਕਿਰਪਾਨ) ਨੂੰ ਕੱਢ ਲਿਆ। ਸ੍ਰੀ ਸਾਹਿਬ (ਨੰਗੀ ਤਲਵਾਰ) ਲਿਸ਼ਕਾਂ ਮਾਰ ਰਹੀ ਹੈ। ਫੁਰਮਾਉਣ ਲੱਗੇ- ਅੱਜ ਗੁਰੂ ਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਸਾਰੇ ਹੀ ਸਿੱਖ ਬੈਠ ਗਏ। ਸਾਧ ਸੰਗਤ ਜੀ ਸੋਚਾਂ ‘ਚ ਪੈ ਗਏ। ਸਾਹਿਬ ਨੇ ਫਿਰ ਫੁਰਮਾਇਆ- ਅੱਜ ਗੁਰੂ ਇੱਕ ਸੀਸ ਮੰਗਦਾ ਹੈ ਆਪਣੇ ਸਿੱਖਾਂ ਕੋਲੋਂ। ਕੈਸਾ ਰਿਸ਼ਤਾ ਹੈ?
ਗੁਰੂ ਨਾਨਕ ਪਾਤਸ਼ਾਹ ਦੇ ਉਸ ਪ੍ਰੇਮ ਦੇ ਖੇਡ ਦਾ ਬਿਆਨ ਕਰਦੇ ਹੋਏ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ-
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1412
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਇਸ ਪ੍ਰੇਮ ਦੀ ਅਮਰ ਗਾਥਾ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹਨ। ਇਸ ਪ੍ਰੇਮ ਦੇ ਵਿੱਚ ਉਸ ਨੂੰ ਪਾਉਣ ਦਾ ਕੀ ਤਰੀਕਾ ਦੱਸਦੇ ਹਨ? ਅੱਜ ਦਸਮੇਸ਼ ਪਿਤਾ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨੂੰ ਸੱਚੇ ਪਾਤਸ਼ਾਹ ਕਿਸ ਤਰੀਕੇ ਨਾਲ ਸਪੱਸ਼ਟ ਕਰ ਰਹੇ ਹਨ।
ਗੁਰੂ ਨੂੰ ਇੱਕ ਸੀਸ ਦੀ ਲੋੜ ਹੈ, ਇੱਕ ਸੀਸ ਦੀ ਮੰਗ ਹੈ। ਇੱਕ ਗਰੀਬੜਾ ਜਿਹਾ ਸਿੱਖ ਪਿੱਛੇ ਬੈਠਾ ਹੈ। ਸੰਗਤਾਂ ਦੇ ਜੋੜੇ ਸਾਫ਼ ਕਰ ਰਿਹਾ ਹੈ। ਉਠਿਆ ਹੈ ਸਾਹਿਬ ਦੇ ਚਰਨਾਂ ‘ਚ ਪਹੁੰਚਿਆ ਹੈ। ਸਾਹਿਬ ਦੇ ਚਰਨਾਂ ‘ਚ ਆਪਣਾ ਸੀਸ ਭੇਂਟ ਕਰ ਦਿੱਤਾ ਹੈ ਭਾਈ ਦਇਆ ਸਿੰਘ ਜੀ ਨੇ।
ਚਾਰ ਹੋਰ ਵਾਰੀ ਵਾਰੀ ਉਠੇ, ਅੱਸੀ ਹਜ਼ਾਰ ਚੋਂ ਸਿਰਫ਼ ਪੰਜ ਉੱਠੇ ਹਨ। ਪੰਜ ਉਠ ਕੇ ਸਾਹਿਬ ਦੇ ਚਰਨਾਂ ਵਿੱਚ ਆਏ, ਸਾਹਿਬ ਦੇ ਚਰਨਾਂ ਵਿੱਚ ਆ ਕੇ ਸੀਸ ਭੇਂਟ ਕਰ ਦਿੱਤਾ। ਸਾਹਿਬ ਉਨ੍ਹਾਂ ਨੂੰ ਵਾਰੀ-ਵਾਰੀ ਅੰਦਰ ਲੈ ਗਏ, ਹੁਣ ਉਨ੍ਹਾਂ ਪੰਜਾਂ ਨੂੰ ਜਿਹੜੇ ਆਪਣਾ ਸੀਸ ਤਲੀ ਤੇ ਰੱਖ ਕੇ ਸਾਹਿਬ ਦੇ ਚਰਨਾਂ ‘ਚ ਪਹੁੰਚੇ ਸਨ, ਉਨ੍ਹਾਂ ਨੂੰ ਬਾਹਰ ਲਿਆਉਂਦਾ। ਜਿਸ ਵਕਤ ਸੰਗਤ ਨੇ ਉਨ੍ਹਾਂ ਪੰਜਾਂ ਦੇ ਦਰਸ਼ਨ ਕੀਤੇ, ਗਦ-ਗਦ ਹੋ ਗਏ। ਇੱਕ ਨਿਰਾਲਾ ਸਰੂਪ ਹੈ, ਸਾਹਿਬ ਉਨ੍ਹਾਂ ਨੂੰ ਪੰਜਾਂ ਨੂੰ ਲਿਆਉਂਦੇ ਹਨ, ਸੰਗਤ ਉਨ੍ਹਾਂ ਦੇ ਦਰਸ਼ਨ ਕਰਦੀ ਹੈ। ਫਿਰ ਸਾਹਿਬ ਫੁਰਮਾਉਂਦੇ ਕੀ ਹਨ? ਜਿਨ੍ਹਾਂ ਨੇ ਪ੍ਰੇਮ ਵਿੱਚ ਅਪਣੇ ਆਪ ਨੂੰ ਭੇਂਟ ਕਰ ਦਿੱਤਾ ਹੈ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਨਾਲ ਪਿਆਰ ਕੀਤਾ ਹੈ ਅੱਜ ਉਸ ਦੀ ਕਦਰ ਕਿਸ ਤਰ੍ਹਾਂ ਪਾਉਂਦੇ ਹਨ। ਉਸ ਪ੍ਰੇਮ ਨੂੰ ਕਿਸ ਤਰ੍ਹਾਂ ਜੀ ਆਇਆਂ ਕਹਿੰਦੇ ਹਨ ਦਸਮੇਸ਼ ਪਿਤਾ।
ਸਾਧ ਸੰਗਤ ਜੀ ਥੋੜ੍ਹਾ ਜਿਹਾ ਵਿੱਚਾਰੀਏ ਅਸੀਂ ਵੀ ਜਾਗੀਏ। ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਉਸ ਹੁਕਮ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹੁਕਮ ਕੀ ਹੈ? ਆਪਾਂ ਪ੍ਰੇਮ ਦੀ ਝਲਕ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰੀਏ, ਸਾਹਿਬ ਪਹਿਲੇ ਹੁਕਮਨਾਮੇ ‘ਚ ਕੀ ਫ਼ੁਰਮਾਉਂਦੇ ਹਨ। ਮੂਲ ਮੰਤ੍ਰ ਤੋਂ ਬਾਅਦ ਜਦੋਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਆਰੰਭ ਹੁੰਦੀ ਹੈ, “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ”। ਸਾਧ ਸੰਗਤ ਜੀ ਅੱਸੀ ਹਜ਼ਾਰ ਦੀ ਸੰਗਤ ਬੈਠੀ ਹੈ, ਜਦੋਂ ਸੀਸ ਮੰਗਿਆ ਹੈ, ਸੋਚਾਂ ‘ਚ ਪੈ ਗਈ ਹੈ, ਇਹ ਸੋਚ ਹੈ ਕੀ?
ਗੁਰੂ ਅੰਗਦ ਸਾਹਿਬ ਤਸ਼ਰੀਫ ਲਿਆਉਂਦੇ ਹਨ ਗੁਰੂ ਨਾਨਕ ਪਾਤਸ਼ਾਹ ਕੋਲ, ਆਪਣੀ ਸੋਚ ਛੱਡੀ ਬੈਠੇ ਹਨ।
ਗੁਰੂ ਨਾਨਕ ਪਾਤਸ਼ਾਹ ਪੁੱਛਦੇ ਹਨ ਸੰਗਤ ਨੂੰ, ਰਾਤ ਹੈ? ਸਾਰੀ ਸੰਗਤ ਨੇ ਵਾਰੀ-ਵਾਰੀ ਕਿਹਾ ਦਿਨ ਚੜ੍ਹਿਆ ਹੈ, ਭਾਈ ਲਹਿਣਾ ਜੀ ਨੂੰ ਕਿਹਾ ਤੁਸੀਂ ਦੇਖ ਕੇ ਆਓ, ਗੁਰੂ ਅੰਗਦ ਸਾਹਿਬ (ਭਾਈ ਲਹਿਣਾ ਜੀ) ਬਾਹਰ ਜਾਂਦੇਂ ਹਨ, ਦਿਨ ਚੜ੍ਹਿਆ ਹੋਇਆ ਹੈ ਪਰ ਕਹਿੰਦੇਂ ਹਨ ਸੱਚੇ ਪਾਤਸ਼ਾਹ ਰਾਤ ਹੈ। ਆਪਣੀ ਸੋਚ ਛੱਡ ਚੁੱਕੇ ਹਨ। ਗੁਰੂ ਦੀ ਸੋਚ ਵਿੱਚ ਹਨ, ਗੁਰੂ ਦੀ ਸੋਚ ਵਿੱਚ ਆਪਣੀ ਸੋਚ ਅਰਪਨ ਹੋ ਚੁੱਕੀ ਹੈ। ਸਾਹਿਬ ਹੁਕਮ ਕਰਦੇ ਹਨ ‘ਲਹਿਣਾ ਜੀ’ ਓਹ ਚਾਦਰ ਹੈ ਉਹਦੇ ‘ਚ ਕੀ ਢਕਿਆ ਹੋਇਆ ਹੈ? ਉਹ ਚਾਦਰ ਚੁੱਕੋ ਅਤੇ ਛੱਕ ਲਵੋ। ਚਾਦਰ ਚੁੱਕੀ ਹੈ, ਥੱਲੇ ਮੁਰਦਾ ਪਿਆ ਹੈ, ਛੱਕਣ ਨੂੰ ਤਿਆਰ ਹਨ। ਸਾਧ ਸੰਗਤ ਜੀ ਸਾਹਿਬ ਆਪਣੀ ਸੋਚ ਛੱਡ ਚੁੱਕੇ ਹਨ। ਉਹ ਸੋਚ ਆਪਣੀ ਹੈ ਹੀ ਨਹੀਂ, ਸੱਤ ਬਚਨ ਕਹਿ ਰਹੇ ਹਨ ਗੁਰੂ ਨੂੰ ਕਿਉਂਕਿ ਗੁਰੂ ਦੀ ਸੋਚ ਹੀ ਉਨ੍ਹਾਂ ਵਾਸਤੇ ਹੁਕਮ ਹੈ।
ਭਗਵਾਨ ਕ੍ਰਿਸ਼ਨ ਵੀਰ ਅਰਜਨ ਨੂੰ ਮਹਾਨ ਉਪਦੇਸ਼ ਦੇ ਰਹੇ ਹਨ। ਆਪਣੇ ਪਿਆਰੇ ਅਰਜਨ ਨੂੰ, ਮਹਾਨ ਭਗਵਤ ਗੀਤਾ ਦਾ ਉਪਦੇਸ਼ ਦੇ ਰਹੇ ਹਨ। ਅਰਜਨ ਬੜੇ ਸਵਾਲ ਪੁੱਛਦਾ ਹੈ, ਸੋਚ-ਸੋਚ ਕੇ ਸਵਾਲ ਪੁੱਛੀ ਜਾਂਦਾ ਹੈ। ਅਖੀਰ ਭਗਵਾਨ ਕ੍ਰਿਸ਼ਨ ਉਸ ਨੂੰ ਪੁੱਛਦੇ ਹਨ ਕਿ ਅਰਜਨ ਅਸੀਂ ਤੇਰੇ ਕੀ ਲੱਗਦੇ ਹਾਂ। ਵਿਰਾਟ ਸਰੂਪ ਦੇਖ ਚੁਕਿਆ ਹੈ। ਕਹਿਣ ਲੱਗਾ- ਹੇ ਸੱਚੇ ਪਾਤਸ਼ਾਹ, ਹੇ ਪ੍ਰਭੂ ਤੁਸੀਂ ਮੇਰੇ ਰੱਬ ਹੋ, ਭਗਵਾਨ ਹੋ, ਮੇਰੇ ਸਤਿਗੁਰੂ ਹੋ। ਫਿਰ ਫ਼ੁਰਮਾਇਆ ਜੇ ਅਸੀਂ ਤੇਰੇ ਸੱਭ ਕੁੱਝ ਹਾਂ ਤੇ ਤੂੰ ਸੋਚ ਛੱਡ ਕਿਉਂ ਨਹੀਂ ਦਿੰਦਾ, ਤੂੰ ਆਪਣੀ ਬੁੱਧੀ ਦਾ ਇਸਤੇਮਾਲ ਕਿਉਂ ਕਰ ਰਿਹਾ ਹੈ। ਆਪਣੀ ਸੋਚ ਵਿੱਚ ਨਾ ਜਾਹ, ਅਰਜਨ ਆਪਣੀ ਬੁੱਧੀ ਸਾਨੂੰ ਅਰਪਨ ਕਰ ਦੇ।
ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਤਸ਼ਰੀਫ ਲਿਆਉਂਦੇ ਹਨ, ਗੁਰੂ ਅਮਰਦਾਸ ਜੀ ਤਸ਼ਰੀਫ ਲਿਆਦੇਂ ਹਨ, ਅਪਣੀ ਸੋਚ ਛੱਡੀ ਹੈ, ਗੁਰੂ ਦੀ ਸੋਚ ਵਿੱਚ ਹਨ, ਸੋਚਦਾ ਕੌਣ ਹੈ? ਇਹ ਮਨ ਸੋਚਦਾ ਹੈ,
ਮਨੁ ਬੇਚੈ ਸਤਿਗੁਰ ਕੈ ਪਾਸਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 286
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 918
ਮਨ ਉਦੋਂ ਤਕ ਸੋਚਦਾ ਹੈ ਜਦੋਂ ਤਕ ਆਪਣਾ ਹੈ, ਜਦ ਮਨ ਹੀ ਗੁਰੂ ਦੇ ਚਰਨਾਂ ‘ਚ ਦੇ ਦਿੱਤਾ ਹੈ ਤਾਂ ਸੋਚੇ ਕੌਣ?
ਸਾਧ ਸੰਗਤ ਜੀ ਉਹ ਸੋਚ ਤੋਂ ਬਹੁਤ ਉੱਚਾ ਹੈ, ਉਹ ਸੋਚ ਦੀ ਪਕੜ ਵਿੱਚ ਆਉਂਦਾ ਹੀ ਨਹੀਂ। ਇਸ ਕਰਕੇ ਸਾਰੇ ਸਿੱਖ ਸੋਚਾਂ ਵਿੱਚ ਪਏ ਰਹੇ ਸਨ ਪਰ ‘ਭਾਈ ਦਇਆ ਸਿੰਘ’ ਸੋਚ ਵਿਚਾਰ ਤੋਂ ਪਰੇ ਹਨ। ਉੱਠੇ ਹਨ, ਆਪਣੀ ਸੋਚ ਛੱਡ ਬੈਠੇ ਹਨ, ਆਪਣਾ ਸੀਸ ਤਲੀ ਤੇ ਰੱਖ ਕੇ ਗੁਰੂ ਦੇ ਚਰਨਾਂ ‘ਚ ਪੇਸ਼ ਹੋ ਜਾਂਦੇ ਹਨ। ਗੁਰੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ, ਗੁਰੂ ਨੂੰ ਹੀ ਆਪਣਾ ਸੱਭ ਕੁੱਝ ਅਰਪਨ ਕਰ ਚੁੱਕੇ ਹਨ।
ਸਾਧ ਸੰਗਤ ਜੀ ਉਸ ਪ੍ਰੇਮ ਨੂੰ ਫਿਰ ਦਸਮੇਸ਼ ਪਿਤਾ ਅਪਣੀ ਗਲਵੱਕੜੀ ‘ਚ ਲੈ ਲੈਦੇਂ ਹਨ। ਉਨ੍ਹਾਂ ਨੂੰ ਕਿਸ ਤਰ੍ਹਾਂ ਆਪਣੇ ਕਰ ਕਮਲਾਂ ਨਾਲ ਅੰਮ੍ਰਿਤ ਤਿਆਰ ਕਰਕੇ ਛਕਾਉਂਦੇ ਹਨ। ਫਿਰ ਸੱਚੇ ਪਾਤਸ਼ਾਹ ਨੇ ਉਨ੍ਹਾਂ ਦਾ ਪ੍ਰੇਮ ਛਕਿਆ ਹੈ।
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥
ਅਵਰੁ ਨ ਜਾਣਾ ਦੂਆ ਤੀਆ ॥
ਏਕੋ ਏਕੁ ਸੁ ਅਪਰ ਪਰੰਪਰੁ
ਪਰਖਿ ਖਜਾਨੈ ਪਾਇਦਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1034
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ
ਤਾ ਅਟਲੁ ਅਮਰੁ ਨ ਮੁਆ ॥
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ
ਫਿਰਿ ਲੇਖਾ ਮੂਲਿ ਨ ਲਇਆ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 612
ਉਨ੍ਹਾਂ ਦੇ ਪ੍ਰੇਮ ਵਸ ਹੋਏ ਪ੍ਰੇਮ ਛੱਕ ਰਹੇ ਹਨ। ਪ੍ਰੇਮ ਨੂੰ ਜੀ ਆਇਆਂ ਕਹਿ ਰਹੇ ਹਨ ਅਤੇ ਆਪਣਾ ਪ੍ਰੇਮ ਉਨ੍ਹਾਂ ਨੂੰ ਛਕਾ ਰਹੇ ਹਨ। ਸਾਧ ਸੰਗਤ ਨੂੰ ਕਹਿੰਦੇ ਹਨ ਕਿ ਇਹ ਮੇਰੇ ਪੰਜ ਪਿਆਰੇ ਹਨ, ਇਹ ਮੇਰੇ ਹਨ। ਸਾਧ ਸੰਗਤ ਜੀ ਜਿਸ ਵੇਲੇ ਉਹ ਮੇਰੇ ਕਹਿ ਰਹੇ ਹਨ, ਗੁਰੂ ਗੋਬਿੰਦ ਸਿੰਘ ਸਾਹਿਬ ਉਨ੍ਹਾਂ ਦੇ ਪਿਆਰੇ ਹਨ ਅਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਆਰੇ ਹਨ, ਉਸ ਵੇਲੇ ਪਿਆਰ ਇੱਕ ਹੋ ਗਿਆ ਹੈ ਅਤੇ ਉਸ ਪਿਆਰ ਨੂੰ ਨਾਮ ਦਿੱਤਾ ਹੈ- ਖ਼ਾਲਸੇ ਦਾ।
ਖ਼ਾਲਸਾ ਜੀ, ਜੀ ਆਇਆਂ ਨੂੰ।
ਖ਼ਾਲਸਾ ਜੀ, ਜੀ ਆਇਆਂ ਨੂੰ।
ਅੱਜ ਘੜੀ ਸੁਭਾਗੀ ਆਈ ਹੈ,
ਅੱਜ ਦਿਨ ਵਡਭਾਗੀ ਆਇਆ ਹੈ।
ਤੇਰਾ 300 ਸਾਲਾਂ ਜਨਮ ਦਿਵਸ
ਸੰਗਤਾਂ ਨੇ ਖ਼ੂਬ ਮਨਾਇਆ ਹੈ।
ਖ਼ਾਲਸਾ ਜੀ, ਜੀ ਆਇਆਂ ਨੂੰ,
ਖ਼ਾਲਸਾ ਜੀ, ਜੀ ਆਇਆਂ ਨੂੰ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
