ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ਨਹੀਂ ਹਨ ਅਤੇ ਮਿਲਦੇ ਸੀਸ ਦੇ ਵੱਟੇ ਹਨ। - ਗ੍ਰਿਹਸਤ ਮਾਰਗ
ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ ਨਹੀਂ ਹਨ ਅਤੇ ਮਿਲਦੇ ਸੀਸ ਦੇ ਵੱਟੇ ਹਨ। - ਗ੍ਰਿਹਸਤ ਮਾਰਗ
ਬਾਬਾ ਨੰਦ ਸਿੰਘ ਸਾਹਿਬ ਪਾਸ ਦੋ ਨਿੱਜੀ ਸੇਵਕਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ- ਗਰੀਬ ਨਿਵਾਜ਼ ਸਾਨੂੰ ਆਪਣੀ ਸੇਵਾ ਵਿੱਚ ਰੱਖ ਲਵੋ, ਅਸੀਂ ਵਿਆਹ ਨਹੀਂ ਕਰਵਾਉਣਾ, ਸੇਵਾ ਕਰਾਂਗੇ, ਸਾਨੂੰ ਬਿਹੰਗਮ ਬਣਾ ਲਵੋ।
ਬਾਬਾ ਨੰਦ ਸਿੰਘ ਸਾਹਿਬ ਅੱਗੋਂ ਕੀ ਫ਼ੁਰਮਾਉਂਦੇ ਹਨ-
ਤੁਸੀਂ ਗ੍ਰਿਹਸਤ ਮਾਰਗ ਅਪਨਾਉਣਾ ਹੈ, ਤੁਸੀਂ ਰਾਜ ਯੋਗ ਕਰਨਾ ਹੈ। ਗ੍ਰਿਹਸਤ ਮਾਰਗ ਵਿੱਚ ਰਹਿੰਦੇ ਹੋਏ ਸੇਵਾ ਕਰਨੀ ਹੈ।
ਪਰ ਅੱਗੇ ਜੋ ਕਿਹਾ ਉਹ ਇਹ ਹੈ ਕਿ-
ਜੋ ਤਿਆਗ ਹੈ, ਜਿਹੜੀ ਕੁਰਬਾਨੀ ਹੈ, ਜਿਹੜਾ ਪ੍ਰੇਮ ਹੈ, ਇਸ ਦਾ ਪਰਚਾ ਸਿਰਫ ਸਾਧੂਆਂ, ਦਰਵੇਸ਼ਾਂ, ਫਕੀਰਾਂ ਵਾਸਤੇ ਹੀ ਨਹੀਂ ਹੈ। ਇਹ ਪਰਚਾ ਗ੍ਰਿਹਸਤੀਆਂ ਨੂੰ ਵੀ ਪੈਂਦਾ ਹੈ। ਇਹ ਮੌਕੇ ਗ੍ਰਿਹਸਤੀ ਦੀ ਜ਼ਿੰਦਗੀ ਵਿੱਚ ਵੀ ਆਉਂਦੇ ਹਨ।
ਫ਼ੁਰਮਾਇਆ ਕਿ-
ਜਿਸ ਵੇਲੇ ਤਿਆਗ, ਕੁਰਬਾਨੀ ਅਤੇ ਪ੍ਰੇਮ ਦਾ ਪਰਚਾ ਪੈ ਜਾਏ..., ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਉਨ੍ਹਾਂ ਦੋਵਾਂ ਨੂੰ ਫ਼ੁਰਮਾਉਣ ਲਗੇ, ...ਗੁਰੂ ਸਾਹਿਬਾਨ ਦੇ ਪੂਰਨਿਆਂ ਨੂੰ ਚੇਤੇ ਕਰ ਲੈਣਾ। ਗਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਆਪਣਾ ਸਾਰਾ ਸਰਬੰਸ ਹੀ ਵਾਰ ਦਿੱਤਾ, ਨਿਛਾਵਰ ਕਰ ਦਿੱਤਾ। ਉਸ ਵੇਲੇ ਤਿਆਗ ਕੁਰਬਾਨੀ ਅਤੇ ਪ੍ਰੇਮ ਵਿੱਚ ਚੂਕਣਾ ਨਹੀਂ।
ਇਹ ਉਪਦੇਸ਼ ਬਾਬਾ ਨੰਦ ਸਿੰਘ ਸਾਹਿਬ ਦੇ ਰਹੇ ਹਨ। ਅਵੱਸਥਾ ਦੱਸ ਰਹੇ ਹਨ ਅੰਮ੍ਰਿਤਧਾਰੀ ਸਿੱਖ ਦੀ, ਰਹਿਣੀ ਵਾਲੇ ਸਿੱਖ ਦੀ, ਉਹ ਦਸਮੇਸ਼ ਪਿਤਾ ਦੀ ਬਖਸ਼ੀ ਹੋਈ ਉਸ ਦਾਤ ਦੀ ਜਿਹੜੀ ਤਿਆਗ, ਕੁਰਬਾਨੀ ਅਤੇ ਪ੍ਰੇਮ ਤੋਂ ਬਿਨਾਂ ਨਹੀਂ ਮਿਲ ਸਕਦੀ।
ਸਾਧ ਸੰਗਤ ਜੀ !
ਜਿਸ ਨੂੰ ਵੀ ਅਸਲ ਪ੍ਰੇਮ ਹੋਵੇਗਾ ਸਵਾਰਥੀ ਪ੍ਰੇਮ ਨਹੀਂ, ਮਤਲਬੀ ਪ੍ਰੇਮ ਨਹੀਂ, ਜਿਸ ਨੂੰ ਉੱਚਾ ਤੇ ਸੁੱਚਾ ਪ੍ਰੇਮ ਹੋਵੇਗਾ, ਉਹੋ ਸਤਿਗੁਰੂ ਦੇ ਉੱਪਰ ਕੁਰਬਾਨ ਹੋ ਸਕਦਾ ਹੈ। ਪ੍ਰੇਮ ਦੀ ਦੂਜੀ ਰੂਪ-ਰੇਖਾ ਦੱਸਦੇ ਹਨ, ਕੁਰਬਾਨੀ ਹੈ। ਉਹੀ ਪਿਆਰੇ ਕੁਰਬਾਨ ਹੋਏ ਹਨ ਜਿਹੜੇ ਸਤਿਗੁਰੂ ਪਰਾਇਣ ਸਨ, ਜਿਹੜੇ ਸਤਿਗੁਰੂ ਦੀ ਪ੍ਰੀਤੀ ਵਿੱਚ ਕੁਰਬਾਨ ਸਨ, ਆਸ਼ਿਕ ਸਨ ਉਹੀ ਪਿਆਰੇ ਕੁਰਬਾਨ ਹੋਏ ਹਨ।
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1412
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1105
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
