ਤਵ ਚਰਨਨ ਮਨ ਰਹੈ ਹਮਾਰਾ (3)
ਤਵ ਚਰਨਨ ਮਨ ਰਹੈ ਹਮਾਰਾ (3)
ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਜਨਮ ਕਥਾ ਵਿੱਚ ਆਪ ਹੀ ਫ਼ੁਰਮਾਉਂਦੇ ਹਨ।
ਚਿਤ ਨ ਭਯੋ ਹਮਰੋ ਆਵਨ ਕਹਿ ॥
ਚੁਭੀ ਰਹੀ ਸ੍ਰਤਿ ਪ੍ਰਭ ਚਰਨਨ ਮਹਿ ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥
ਇਮ ਕਹਿ ਕੇ ਇਹ ਲੋਕ ਪਠਾਯੋ ॥
ਮੈ ਅਪਨਾ ਸੁਤ ਤੁਹਿ ਨਿਵਾਜਾ ॥
ਪੰਥੁ ਪ੍ਰਚੁਰ ਕਰਬੇ ਕਉ ਸਾਜਾ ॥
ਉਨ੍ਹਾਂ ਦੀ ਪਾਵਨ ਸੁਰਤੀ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿੱਚ ਖੁੱਭੀ ਹੋਈ ਹੈ ਪਰ ਸਿੱਖ ਦੀ ਸੁਰਤੀ ਕਿੱਥੇ ਖੁੱਭੀ ਹੋਈ ਹੈ, ਸਿੱਖ ਦੀ ਬਿਰਤੀ ਕਿਹੜੇ ਚਰਨਾਂ ਵਿੱਚ ਖੁੱਭੀ ਹੋਈ ਹੈ। ਭਾਈ ਨੰਦ ਲਾਲ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਤੀ ਪਿਆਰੇ ਸਿੱਖ ਭਾਈ ਘਨੱਈਆ ਜੀ, ਉਨ੍ਹਾਂ ਦੇ ਅਤੀ ਪਿਆਰੇ ਸਿੱਖ, ਉਨ੍ਹਾਂ ਦੇ ਭਗਤਾਂ ਦੀ ਸੁਰਤੀ ਕਿੱਥੇ ਖੁੱਭੀ ਹੋਈ ਹੈ। ਭਗਤ ਨਾਮਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫ਼ੁਰਮਾਉਂਦੇ ਹਨ ਉਹ ਕੀ ਵੇਖ ਰਹੇ ਹਨ-
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 988
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ
ਗੋਬਿੰਦ ਬਿਨ ਨਹੀ ਕੋਈ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 485
ਭਾਈ ਨੰਦ ਲਾਲ ਜੀ ਕੀ ਕਹਿ ਰਹੇ ਹਨ-
ਰੂਹ ਦਰ ਹਰ ਜਿਸਮ ਗੁਰੁ ਗੋਬਿੰਦ ਸਿੰਘ ॥
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ ॥
ਸੱਭ ਦੀਆਂ ਜਾਨਾਂ ਦੀ ਜਾਨ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਸੱਭ ਦੇ ਨੇਤਰਾਂ ਵਿੱਚ ਜੋਤ, ਨੂਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ। ਪਹਾੜੀ ਵਜ਼ੀਰ ਦੀ ਸੁਰਤ ਬਿਰਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਨਨ ਭਗਤ ਦੀ ਬਿਰਤੀ ਕਿੱਥੇ ਖੁੱਭੀ ਹੋਈ ਹੈ? ਮੇਰੇ ਸਾਹਿਬ ਦੇ ਚਰਨਾਂ ਵਿੱਚ।
ਹਮਰੀ ਕਰੋ ਹਾਥ ਦੈ ਰੱਛਾ ॥
ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥
ਅਪਨਾ ਜਾਨ ਕਰੋ ਪ੍ਰਤਿਪਾਰਾ ॥
ਹਮਰੇ ਦੁਸਟ ਸਭੈ ਤੁਮ ਘਾਵਹੁ ॥
ਆਪ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥
ਸੇਵਕ ਸਿਖ ਸਭੈ ਕਰਤਾਰਾ ॥
ਮੋ ਰੱਛਾ ਨਿਜ ਕਰ ਦੈ ਕਰੀਐ ॥
ਸਭ ਬੈਰਿਨ ਕੋ ਆਜ ਸੰਘਰਿਐ ॥
ਪੂਰਨ ਹੋਇ ਹਮਾਰੀ ਆਸਾ ॥
ਤੋਰ ਭਜਨ ਕੀ ਰਹੈ ਪਿਆਸਾ ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਅੰਮ੍ਰਿਤ ਬਾਣੀ ਦੀਆਂ ਧੁਨੀਆਂ ਗੁਰੂ ਅੰਗਦ ਸਾਹਿਬ ਦੇ ਕੰਨਾ ਵਿੱਚ ਪਈਆਂ, ਲੈ ਗਈਆਂ ਖਿੱਚ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਅੰਮ੍ਰਿਤ ਬਾਣੀ ਦੀਆਂ ਧੁਨੀਆਂ ਪਈਆਂ ਗੁਰੂ ਅਮਰਦਾਸ ਜੀ ਦੇ ਕੰਨਾ ਵਿੱਚ, ਲੈ ਗਈਆਂ ਖਿੱਚ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ “ਵਾਹੁ ਵਾਹੁ ਬਾਣੀ ਨਿਰੰਕਾਰ ਹੈ”
ਬਾਣੀ ਪਹਿਲੋਂ ਵੀ ਨਿਰੰਕਾਰ ਸੀ, ਹੁਣ ਵੀ ਨਿਰੰਕਾਰ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਕੀਤਾ ਬਾਣੀ ਦੁਆਰਾ, ਗੁਰੂ ਅੰਗਦ ਸਾਹਿਬ ਬਿਰਾਜੇ ਉਸੇ ਆਸਨ ਤੇ ਬਾਣੀ ਦੁਆਰਾ ਉਪਦੇਸ਼ ਜਾਰੀ ਰਿਹਾ। ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉੇਸੇ ਆਸਨ ਤੇ ਬਿਰਾਜਮਾਨ ਹਨ ਉਪਦੇਸ਼ ਜਾਰੀ ਹੈ ਇੱਕ ਗੁਰਮੁਖ ਵਾਸਤੇ ਗੁਰੂ ਪ੍ਰਤੱਖ ਹੈ, ਗੁਰੂ ਪ੍ਰਤੱਖ ਬੈਠਾ ਉਪਦੇਸ਼ ਕਰ ਰਿਹਾ ਹੈ ਇੱਕ ਮੂਰਖ ਵਾਸਤੇ ਇੱਕ ਪੁਸਤਕ ਹੈ, ਇੱਕ ਕਿਤਾਬ ਹੈ।
ਬਾਬਾ ਨੰਦ ਸਿੰੰਘ ਸਾਹਿਬ ਫੁਰਮਾਉਂਣ ਲੱਗੇ-
ਆਪਾਂ ਆਪਣੀ ਦ੍ਰਿਸਟੀ ਨੂੰੰ ਪੱਕਾ ਕਰਨਾ ਹੈ, ਆਪਣੀ ਭਾਵਨਾ ਨੂੰ ਪੱਕਾ ਕਰਨਾ ਹੈ। ਸਾਡੀ ਦ੍ਰਿਸ਼ਟੀ ਅਤੇ ਭਾਵਨਾ ਵਿੱਚ ਕਮਜ਼ੋਰੀ ਹੈ, ਉਸ ਦੇ ਵਿੱਚ ਕਮੀ ਹੈ।
ਜਿਸ ਵਕਤ ਸ੍ਰੀ ਗਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਿਤ ਕੀਤਾ ਹੈ, ਗੁਰੂ ਅਰਜਨ ਪਾਤਸ਼ਾਹ ਨੇ ਉਸ ਵੇਲੇ ਆਪਣਾ ਸਾਰਾ ਆਰਾਮ ਸੁੱਖ ਤਿਆਗ ਦਿੱਤਾ ਹੈ। ਆਸਨ ਤਿਆਗ ਦਿੱਤਾ ਹੈ, ਸੰਗਤ ਦੇ ਨਾਲ ਹੀ ਫ਼ਰਸ਼ ਤੇ ਬੈਠ ਗਏ ਹਨ। ਸਾਧ ਸੰਗਤ ਜੀ ਮੇਰੇ ਸਾਹਿਬ ਗੁਰੂ ਅਰਜਨ ਪਾਤਸ਼ਾਹ ਉਸੇ ਵੇਲੇ ਲਾਂਬ੍ਹੇ ਖੜ੍ਹੇ ਹੋ ਗਏ ਹਨ ਅਤੇ ਸਾਰੀ ਮਨੁੱਖਤਾ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ, ਦਸਮੇਸ਼ ਪਿਤਾ ਨੇ ਸੱਭ ਕੁੱਝ ਸੰਕੋਚ ਲਿਆ, ਸੱਭ ਕੁੱਝ ਸਮੇਟ ਲਿਆ, ਸੱਭ ਕੁੱਝ ਨਿਛਾਵਰ ਕਰ ਦਿੱਤਾ। ਫਿਰ ਸਾਹਿਬ ਦੇ ਚਰਨ-ਕਮਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ-ਕਮਲਾਂ ਵਿੱਚ ਸਜਦਾ ਕੀਤਾ ਹੈ, ਉਸ ਵੇਲੇ ਫ਼ੁਰਮਾਇਆ ਕੀ ਹੈ-
ਆਗਿਆ ਭਈ ਅਕਾਲ ਕੀ ਤਬੀ ਚਲਾਇਉ ਪੰਥ ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ॥
ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ ॥
ਪ੍ਰਗਟ ਗੁਰਾਂ ਕੀ ਦੇਹ ਹੈ ਹਾਜ਼ਰ-ਨਾਜ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਧ ਸੰਗਤ ਜੀ ਇੱਕ ਚੀਜ਼ ਚੇਤੇ ਰੱਖਣ ਵਾਲੀ ਹੈ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਮਨੁੱਖਤਾ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਰਹੇ ਹਨ। ਸਾਧ ਸੰਗਤ ਜੀ ਉਸ ਵੇਲੇ ਸਾਨੂੰ ਜੋੜ ਕਿਸ ਨਾਲ ਰਹੇ ਹਨ? ਸਾਨੂੰ ਕਿਸ ਦਾ ਲੜ ਫੜ੍ਹਾ ਰਹੇ ਹਨ? ਕਿਹਦੇ ਚਰਨ- ਕਮਲਾਂ ਵਿੱਚ ਸਾਨੂੰ ਸੌਂਪਿਆ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ-ਕਮਲਾਂ ਵਿੱਚ। ਬਾਬਾ ਨੰਦ ਸਿੰਘ ਸਾਹਿਬ ਨੇ
ਫ਼ੁਰਮਾਇਆ :
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਾਡੇ ਢਹਿਣ ਵਿੱਚ ਦੇਰੀ ਹੈ।
ਫਿਰ ਅੱਗੇ ਫ਼ੁਰਮਾਉਣ ਲੱਗੇ,
ਗੁਰੂ ਨਾਨਕ ਵੱਲੋਂ ਸਾਨੂੰ ਬਖਸ਼ਣ ਵਿੱਚ ਕੋਈ ਦੇਰੀ ਨਹੀਂ, ਇਹ ਕੰਮ ਸਕਿੰਟਾਂ ਦਾ ਹੈ।
ਪਿਤਾ ਜੀ ਨੇ ਫ਼ੁਰਮਾਇਆ ਜਿਸ ਵਕਤ ਨਿਰੰਕਾਰ ਆਪ ਕੋਈ ਗ੍ਰੰਥ ਲਿਖਦਾ ਜਾਂ ਲਿਖਾਉਂਦਾ ਹੈ ਤੇ ਆਪ ਵਿੱਚ ਸਮਾ ਜਾਂਦਾ ਹੈ। ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਕਿ ਗੁਰਮੁੱਖ, ਸਿੱਖ ਤਾਂ ਆਪਣੇ ਸਾਹਿਬ ਦਾ ਗੁਰੂ ਦਾ, ਪ੍ਰਕਾਸ਼ ਉਤਸੱਵ ਰੋਜ਼ ਹੀ ਮਨਾਉਂਦਾ ਹੈ “ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ” ਅਤੇ ਸਾਹਿਬ ਨਿਤ ਨਵੀਆਂ ਦਾਤਾਂ ਬਖਸ਼ਦਾ ਹੈ ਨਵੀਆਂ ਬਖਸ਼ਿਸ਼ਾਂ ਲੁਟਾਉਂਦਾ ਹੈ। ਉਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ ਉਹ ਨਵੀਆਂ ਉਮੰਗਾ ਵਿੱਚ ਨਵੀਆਂ ਤਰੰਗਾ ਵਿੱਚ, ਨਵੇਂ ਜਜ਼ਬਿਆਂ ਨਾਲ, ਨਵੀਂ ਉਤਸ਼ਾਹ, ਨਵੇਂ ਹੀ ਸਰੂਰ ਅਤੇ ਨਸ਼ੇ ਵਿੱਚ ਰੋਜ਼ ਉਠ ਕੇ ਸਾਹਿਬ ਦੇ ਚਰਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ-ਕਮਲਾਂ ਵਿੱਚ ਢਹਿ ਪੈਂਦਾ ਹੈ ਅਤੇ ਜੁੜ ਜਾਂਦਾ ਹੈ।
ਉਸ ਵੇਲੇ ਸਮਝ ਆਈ ਕਿ ਬਾਬਾ ਨੰਦ ਸਿੰਘ ਸਾਹਿਬ ਪੰਜ ਸਾਲ ਦੀ ਉਮਰ ਤੋਂ ਹੀ ਆਖ਼ਰੀ ਦਿਨ ਤਕ ਰੋਜ਼ ਰਾਤ ਨੂੰ ਬਾਰਾਂ ਵਜੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਵਕਤ ਤੋਂ ਪਹਿਲਾਂ ਚਰਨਾਂ ਨਾਲ ਕਿਸ ਤਰ੍ਹਾਂ ਜੁੜ ਜਾਂਦੇ ਸਨ। ਉਸ ਵਕਤ ਸਮਝ ਆਇਆ ਸਾਧ ਸੰਗਤ ਜੀ,
ਤਤੁ ਬਿਚਾਰੁ ਯਹੈ ਮਥੁਰਾ
ਜਗ ਤਾਰਨ ਕਉ ਅਵਤਾਰੁ ਬਨਾਯਉ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1409
ਸਾਡੇ ਤਾਰਨਹਾਰ ਗੁਰੂ ਅਰਜਨ ਪਾਤਸ਼ਾਹ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ, ਇੱਕ ਤਾਰਨਹਾਰ ਜਹਾਜ਼ ਬਣਾ ਗਏ ਹਨ। ਸਾਡੇ ਅਨਮੋਲ ਪਲ, ਘੜੀਆਂ ਅਤੇ ਦਿਵਸ ਕਿਤੇ ਜ਼ਾਇਆ ਨਾ ਚਲੇ ਜਾਣ। ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ ਨਿਮਾਣਾ ਹੋ ਕੇ, ਮੂਧ੍ਹਾ ਹੋ ਕੇ ਸਾਹਿਬ ਦੇ ਚਰਨਾਂ ਵਿੱਚ ਢਹਿ ਪਵੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ- ਕਮਲਾਂ ਵਿੱਚ ਢਹਿ ਪਵੋ।
ਫਿਰ ਬਾਬੇ ਫੁਰਮਾਉਣ ਲੱਗੇ ਕਿ-
ਗੁਰਮੁਖੋ ! ਗੁਰਮੁਖੋ! ‘ਆਪਾ’ ਦੇਣ ਦੀ ਲੋੜ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ।
ਸਾਧ ਸੰਗਤ ਜੀ ਜਿਹੜੀਆਂ ਨਿਰੰਕਾਰ ਦੀਆਂ ਅੰਮ੍ਰਿਤ ਧੁਨੀਆਂ ਗੁਰੂ ਅੰਗਦ ਸਾਹਿਬ ਨੂੰ, ਗੁਰੂ ਅਮਰਦਾਸ ਜੀ ਨੂੰ ਗੁਰੁ ਰਾਮਦਾਸ ਜੀ ਨੂੰ ਖਿੱਚ ਕੇ ਲੈ ਗਈਆਂ ਹਨ ਗੁਰੂ ਨਿਰੰਕਾਰ ਪਾਸ, ਤੇ ਆਪਾਂ ਇੱਕ ਚੀਜ਼ ਜ਼ਰੂਰ ਵਿਚਾਰ ਕਰੀਏ ਕਿ ਜਿਹੜੀਆਂ ਅੰਮ੍ਰਿਤ ਧੁਨੀਆਂ ਸਾਡੇ ਕੰਨਾਂ ਵਿੱਚ ਰੋਜ਼ ਪੈ ਰਹੀਆਂ ਹਨ ਆਪਾਂ ਢਿਲ ਕਿਉਂ ਲਾ ਰੱਖੀ ਹੈ। ਆਪਾਂ ਤਾਰਨਹਾਰ ਪ੍ਰਕਾਸ਼ਮਈ ਜਹਾਜ਼ ਵਿੱਚ ਕਿਉਂ ਨਹੀਂ ਚੜ੍ਹਦੇ।
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ
ਜਿਨ ਸਦ ਹੀ ਵਰਤੈ ਨਾਲਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 957
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
