ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਬਲੀਦਾਨ ਦੇ ਅਰਥਾਂ ਨੂੰ ਵੀ ਭਾਗ ਲਾ ਦਿੱਤਾ
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਬਲੀਦਾਨ ਦੇ ਅਰਥਾਂ ਨੂੰ ਵੀ ਭਾਗ ਲਾ ਦਿੱਤਾ
ਪਿਤਾ ਜੀ ਕਹਿਣ ਲੱਗੇ ਕਿ-
ਮੇਰੇ ਦਸਮੇਸ਼ ਪਿਤਾ ਨੇ ਇਸ ਬਲੀਦਾਨ ਦਾ ਜਿਹੜਾ ਪ੍ਰਕਾਸ਼ ਬਖ਼ਸਿਆ ਹੈ, ਇਹ ਤਿੰਨ ਸੌ ਸਾਲ ਹੋਏ ਜਿਹੜਾ ਇੱਕ ਨਵਾਂ ਹੀ ਚੋਜ ਉਸ ਵੇਲੇ ਦਸਵੇਂ ਜਾਮੇਂ ਦੇ ਵਿੱਚ, ਸ੍ਰੀ ਗੁਰੂ ਨਾਨਕ ਪਾਤਸ਼ਾਹ ਦਿਖਾ ਰਹੇ ਹਨ। ਸਰਬੰਸ ਦੀ ਫੁੱਲਾਂ ਦੀ ਸੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਣ ਲਾਇਆ ਹੈ। ਬਲੀਦਾਨ ! ਕਿਨ੍ਹਾਂ ਦਾ ਬਲੀਦਾਨ! ਉਹ ਛੋਟੇ-ਛੋਟੇ ਕੋਮਲ ਸਾਹਿਬਜ਼ਾਦਿਆਂ ਦਾ ਬਲੀਦਾਨ ਦੇ ਕੇ, ਸਾਹਿਬਜਾਦੇ ਕਿਹੜੇ? ਜਿਹੜੇ ਅਤਿ ਤੋਂ ਵੀ ਜ਼ਿਆਦਾ ਫ਼ਰਮਾਬਰਦਾਰ, ਬਰਖ਼ੁਰਦਾਰ ਸਨ। ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੀ ਪੂਰੀ ਮਿਹਰ ਅਤੇ ਬਖਸ਼ਿਸ਼ ਦੇ ਪਾਤਰ ਸਨ।
ਸਾਧ ਸੰਗਤ ਜੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਉਹ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਸਨ, ਪਾਤਰ ਸਨ, ਅਧਿਕਾਰੀ ਸਨ।
ਪਿਤਾ ਜੀ ਕਹਿਣ ਲੱਗੇ-
ਸਤਿਗੁਰੂ ਇੱਛਾ ਰਹਿਤ ਹੁੰਦਾ ਹੈ।
ਗੁਰੂ ਸਾਹਿਬਾਨ ਨੇ ਜਦੋਂ ਸਿੱਖੀ ਦੇ ਪੂਰਨੇ ਪਾ ਕੇ ਦੱਸੇ ਹਨ, ਸਾਧ ਸੰਗਤ ਜੀ ਕਿੰਨੇ ’ਕੁ ਇੱਛਾ ਰਹਿਤ ਸੀ, ਗੁਰਗੱਦੀ ਵੱਲ ਕੋਈ ਧਿਆਨ ਸੀ? ਉਨ੍ਹਾਂ ਛੋਟੇ-ਛੋਟੇ ਸਾਹਿਬਜ਼ਾਦਿਆਂ ਨੇ ਜਿਹੜੇ ਪਾਤਰ ਸਨ, ਵਾਰਸ ਸਨ, ਅਧਿਕਾਰੀ ਸਨ।
ਜਿਸ ਤਰ੍ਹਾਂ ਬਲੀਦਾਨ ਨੂੰ ਚਾਰ ਚੰਦ ਲਾਏ ਹਨ। ਸਾਧ ਸੰਗਤ ਜੀ ਕੋਈ ਸ਼ੰਕਾ ਨਹੀਂ ਰਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਮਲ ਸਾਹਿਬਜ਼ਾਦਿਆਂ ਨੇ ਬਲੀਦਾਨ ਦੇ ਅਰਥਾਂ ਨੂੰ, ਬਲੀਦਾਨ ਨੂੰ ਵੀ ਹਮੇਸ਼ਾਂ ਵਾਸਤੇ ਭਾਗ ਲਾ ਦਿੱਤਾ ਹੈ।
ਤੂੰ ਗੁਰੂ ਨਾਨਕ ਦਾ ਸੱਚਾ ਹੈ
ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ।
ਅੰਮ੍ਰਿਤ ਦੀ ਵਰਸ਼ਾ ਲਾਈ
ਮੋਲ੍ਹੇਧਾਰ ਗੁਰੂ ਗੋਬਿੰਦ ਸਿੰਘ ਜੀ।
ਜੋ ਪੈਰਾਂ ਦੇ ਵਿੱਚ ਰੁਲਦੇ ਸਨ
ਅੰਬਰ ਤੇ ਚੁੱਕ ਚੜ੍ਹਾ ਦਿੱਤੇ।
ਮਿੱਟੀ ਦੇ ਲਾਕਸ਼ ਜ਼ਰ੍ਹੇ ਵੀ
ਸੂਰਜ ਤੋਂ ਵੱਧ ਚਮਕਾ ਦਿੱਤੇ।
ਤੜਫਦੇ ਯਤੀਮਾਂ ਦਿਆਂ ਹੰਝੂਆਂ ‘ਚ ਗੁਰੂ ਗੋਬਿੰਦ ਸਿੰਘ।
ਦੁੱਖਾਂ ਤੇ ਮੁਸੀਬਤਾਂ ਦੇ, ਮਾਰਿਆ ‘ਚ ਗੁਰੂ ਗੋਬਿੰਦ ਸਿੰਘ।
ਕਣੋਂ-ਕਣੋਂ ਵਿੱਚ ਲਸ਼ਕਾਂ ਮਾਰੇ, ਗੁਰੂ ਗੋਬਿੰਦ ਸਿੰਘ।
ਸੂਰਜਾਂ ਚੰਨਾਂ ਤੇ ਸਿਤਾਰਿਆਂ ‘ਚ, ਗੁਰੂ ਗੋਬਿੰਦ ਸਿੰਘ।
ਖੰਡਾਂ ਬ੍ਰਹਮਡਾਂ ਤਿੰਨਾਂ ਲੋਕਾਂ ਵਿੱਚ ਗੁਰੂ ਗੋਬਿੰਦ ਸਿੰਘ।
ਗੁਰਾਂ ਦੇ ਨਿਸ਼ਾਨਾਂ, ਗੁਰਦੁਆਰਿਆਂ ‘ਚ ਗੁਰੂ ਗੋਬਿੰਦ ਸਿੰਘ।
ਸਾਰੇ ਮਾਰੋ ਝਾਤੀਆਂ ਆਪਣੇ ਦਿਲਾਂ ਵਿੱਚ।
ਤੇਰੇ ਕੁੱਤੇ ਨੂੰ ਤਾਂ ਜਾਪਦਾ ਏ
ਸਾਰਿਆਂ ‘ਚ ਗੁਰੂ ਗੋਬਿੰਦ ਸਿੰਘ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।
ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।
ਪਿਤਾ ਜੀ ਨੇ ਫੁਰਮਾਇਆ ਕਿ-
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰਿਆ ਹੈ, ਸਤਿਕਾਰਿਆ ਹੈ, ਨਿਹਾਰਿਆ ਹੈ, ਸਿੱਖ ਦੇ ਅੰਦਰ ਵੀ ਜਦੋਂ ਉਸੇ ਤਰ੍ਹਾਂ ਇੱਕ ਤੜਪ ਉੱਠਦੀ ਹੈ, ਆਤਮ ਵਿੱਚੋਂ ਪਿਆਸ ਉੱਠਦੀ ਹੈ, ਉਸ ਦਾ ਜੀਅ ਕਰਦਾ ਹੈ ਕਿ ਹਮੇਸ਼ਾਂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਰਹਾਂ ਅਤੇ ਹਰ ਵਾਰੀ ਆਪਣਾ ਸੀਸ ਕੱਟ ਕੇ ਸਾਹਿਬ ਦੇ ਚਰਨਾਂ ਵਿੱਚ ਭੇਂਟ ਕਰੀ ਜਾਵਾਂ ਅਤੇ ਇਹ ਕਰਦਾ ਕਦੀ ਵੀ ਨਾ ਥੱਕਾਂ, ਕਦੇ ਵੀ ਨਾ ਰੱਜਾਂ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
